Home >> Article

ARTICLE CATEGORIES

RECENT POST

ARCHIVE

TAGS


ਕੀ ਸਿੱਖ ਧਰਮ ਜਾਂ ਖ਼ਾਲਸਾ ਪੰਥ ਵਿੱਚ ਕੋਈ ਵਿਅਕਤੀ ਸੰਤ ਹੋ ਸਕਦਾ ਹੈ ?
Share this Article

ਕੀ ਸਿੱਖ ਧਰਮ ਜਾਂ ਖ਼ਾਲਸਾ ਪੰਥ ਵਿੱਚ ਕੋਈ ਵਿਅਕਤੀ ਸੰਤ ਹੋ ਸਕਦਾ ਹੈ ?

ਗੁਰੂ ਗ੍ਰੰਥ ਸਾਹਿਬ ਮੁਤਾਬਿਕ
ਸੰਤ ਕੌਣ ?
ਕੀ ਸਿੱਖ ਧਰਮ ਜਾਂ ਖ਼ਾਲਸਾ ਪੰਥ ਵਿੱਚ ਕੋਈ ਵਿਅਕਤੀ ਸੰਤ ਹੋ ਸਕਦਾ ਹੈ ?

ਇਸ ਵਿਸ਼ੇ ਤੇ ਤੁਰਨ ਤੋਂ ਪਹਿਲਾਂ ਇਹ ਚੇਤਨਾ ਜਗਾਉਣਾ ਆਪਣੇ ਅੰਦਰ ਲਾਜ਼ਮੀ ਹੈ ਕਿ ਜੇ ਕਰ ਸਤਿਗੁਰੂ ਸ੍ਰੀ ਗੂਰੂ ਨਾਨਕ ਜੀ ਤੋਂ ਲੈ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੇ 239 ਸਾਲਾਂ ਵਿੱਚ ਦਸ ਸਿੱਖ ਗੁਰੂ ਸਾਹਿਬਾਨਾਂ ਨੇ ਕਿਸੇ ਵੀ ਸਿੱਖ ਵਿਅਕਤੀ ਨੂੰ "ਸੰਤ" ਨਹੀਂ ਕਿਹਾ, ਨਾ ਬਣਾਇਆ ਤੇ ਨਾ ਹੀ ਕਿਸੇ ਨੇ ਅਖਵਾਇਆ ਤਾਂ ਫਿਰ ਹੁਣ ਕੋਈ ਵੀ "ਸਿੱਖ" ਵਿਅਕਤੀ ਆਪਣੇ ਆਪ ਨੂੰ ਸੰਤ ਕੀਵੇਂ ਅਖਵਾ ਸਕਦਾ ਹੈ ?
ਜਿਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਾਹਦਰ ਸਾਹਿਬ ਵਕਤ ਨਕਲੀ ਗੁਰੂਆਂ ਦੀਆਂ 22 ਦੁਕਾਨਾਂ ਦੇ ਮੱਕੜ ਜਾਲ ਵਿੱਚ ਸਿੱਖ ਸੰਗਤਾਂ ਫੱਸ ਗਈਆਂ ਸਨ। ਇਨ੍ਹਾਂ 22 ਨਕਲੀ ਸਾਧਾਂ ਦੇ ਆਪ 'ਗੁਰੂ' ਬਣ ਬੈਠਣ ਤੇ, ਸਿੱਖਾਂ ਪਾਸ "ਸ਼ਬਦ ਗੁਰੂ" ਦੀ ਅਗਵਾਈ ਹੁੰਦੇ ਹੋਏ ਵੀ ਸਿੱਖ ਸੰਗਤਾਂ ਦੁਬਿਧਾ ਵਿੱਚ ਫਸਾ ਕੇ 'ਇਨ੍ਹਾਂ ਨਕਲੀ ਦੇਹਧਾਰੀਆਂ' ਸਬੰਧੀ ਨਿਰਣਾ ਨਹੀਂ ਸਨ ਕਰ ਪਾ ਰਹੀਆਂ। ਇਨ੍ਹਾਂ ਨਕਲੀ ਠੱਗਾ ਨੇਂ ਸਿੱਖ ਸੰਗਤਾਂ ਨੂੰ ਆਪਣੀਆਂ ਚੋਪੜੀਆਂ, ਮੋਮੋ ਠੱਗਣੀਆਂ ਗੱਲਾਂ ਅਤੇ ਪਾਖੰਡਾਂ ਰਾਹੀਂ ਆਪਣੇ ਠੱਗੀ ਦੇ ਚੁੰਗਲ ਵਿੱਚਲੇ ਮੱਕੜ ਜਾਲ ਵਿੱਚ ਫਸਾ ਲਿਆ ਸੀ ਤੇ ਬਹੁਤੀ ਲੋਕਾਈ ਇਨ੍ਹਾਂ ਨੂੰ ਹੀ ਗੁਰੂ ਮਨ ਬੈਠੀ ਸੀ। ਅੱਜ ਦੀ ਵੀ ਸਿੱਖਾਂ ਦੀ ਹਾਲਤ ਇਸੇ ਅਵੱਸਥਾ ਦੇ ਇਰਦ ਗਿਰਦ ਹੀ ਪਹੁੰਚ ਚੁਕੀ ਹੈ। ਜਿਵੇਂ ਉਸ ਵਕਤ ਬਹੁਤੇ ਸਿੱਖ 'ਦੇਹਧਾਰੀ ਗੁਰੂ ਦੀ ਲੋੜ ਦੀ ਠੱਗ ਪਰਵਿਰਤੀ ਦੀ ਸੋਚ ਕਰਕੇ' ਇਨ੍ਹਾਂ ਦੀਆਂ ਹੀ ਚਾਲਾਂ ਵਿੱਚ ਫਸ ਗਏ ਸਨ। ਅੱਜ ਦਾ ਵੀ ਸਿੱਖ ਸਮਾਜ, ਫਿਰ ਚਾਹੇ ਉਹ ਅੰਮ੍ਰਿਤਧਾਰੀ ਹੀ ਕਿਉਂ ਨਾ ਹੋਵੇ ਇਨ੍ਹਾਂ ਨਕਲੀ ਸਾਧਾਂ, ਸੰਤਾਂ, ਡੇਰਿਆਂ ਤੇ ਗੁਰੂਆਂ ਦੇ ਹੀ ਪਾਖੰਡ ਦੀਆਂ ਚੋਪੜੀਆਂ ਗੱਲਾਂ ਅਤੇ ਕਰਮਾਂ, ਨਿੱਕੇ ਨਿੱਕੇ ਲਾਭਾਂ ਅਤੇ 'ਸੁੱਖੀ ਤੇ ਆਪਣੀ ਸਹੇੜੀ ਟੈਂਸ਼ਨ' ਤੋਂ ਮੁਕਤੀ ਹਿਤ ਇਨ੍ਹਾਂ ਦੀਆਂ ਮੱਕੜੀ ਦੇ ਜਾਲ ਵਰਗਿਆਂ 'ਮੰਤਰ, ਤੰਤਰ, ਰਾਖ ਭਭੂਤੀ, ਤਵੀਤ' ਆਦਿ ਦੀਆਂ ਤੰਦਾ ਦੇ ਚੁੰਗਲ ਵਿੱਚ ਹੀ ਫਸ ਚੁੱਕਾ ਹੈ । ਭਾਵ ਕਿ ਇਨ੍ਹਾਂ ਆਪੂੰ ਬਣੇ ਨਕਲੀ ਗੁਰੂਆਂ, ਸੰਤਾਂ ਦੀਆਂ ਮੋਮੋ ਠੱਗਣੀਆਂ ਗਲਾਂ ਤੇ ਪਾਖੰਡਾਂ ਵਿੱਚ ਫਸੇ ਹੋਏ ਲੋਕ ਇਨ੍ਹਾਂ ਨੂੰ ਹੀ ਧਿਆਉਂਦੇ, ਰੱਬ ਸਮਝਦੇ, ਕਹਿੰਦੇ ਤੇ ਮੰਨਦੇ ਜਾ ਰਹੇ ਹਨ। ਲੋਕਾਈ ਦਾ ਵੱਡੇ ਪੈਮਾਨੇ ਤੇ ਇੰਝ ਬੁੱਧੂ ਬਣ ਕੇ ਇਨ੍ਹਾਂ ਮਗਰ ਲੱਗ ਤੁਰਨ ਦਾ ਇਨ੍ਹਾਂ ਨੇ ਭਰਭੂਰ ਫਾਇਦਾ ਉਠਾਇਆ ਹੈ ਤੇ ਆਪੋ ਆਪਣੀ ਐਸ਼ੋ ਇਸ਼ਰਤ ਦੀ ਜੀਵਨ ਲੀਲਾ ਹਿਤ "ਸੱਚ ਧਰਮ" ਦਾ ਭਰਪੂਰ ਸੋਸ਼ਣ ਕੀਤਾ ਹੈ। ਇਨ੍ਹਾਂ ਠੱਗਾਂ ਨੇ ਲੋਕਾਂ ਨੂੰ ਬੁੱਧੂ ਬਣਾ ਕੇ ਉਨ੍ਹਾਂ ਨੂੰ "ਸ਼ਬਦ ਗਰੂ ਦੀ ਓਟ ਵਿੱਚ ਹੀ ਸ਼ਬਦ ਗੁਰੂ ਤੋਂ ਤੋੜ ਕੇ ਆਪਣੇ ਲੜ ਲਾਉਣ" ਦੀ ਅਜਿਹੀ ਚੌਪੜੀ, ਚਿਕਨੀ, ਪਾਖੰਡੀ, ਨਕਲੀ ਮਰਿਆਦਾ ਕਾਇਮ ਕਰ ਕੇ ਚੰਗੀ ਮੰਜੀ ਠੋਕੀ ਹੈ। ਇੰਝ ਲੋਕਾਈ ਦੇ ਧੰਨ ਤੇ ਆਪ ਫਾਈਵ ਸਟਾਰ ਜਿੰਦਗੀ ਐਸ਼ੋ ਇਸ਼ਰਤ ਭਰਪੂਰ ਗੁਜ਼ਾਰ ਰਹੇ ਹਨ।
ਸਿੱਖ ਸਮਾਜ ਨੂੰ ਆਪੋ ਆਪਣੀ ਮਨੋਬਿਰਤੀ ਵਿੱਚਲੀ ਅੰਧ ਵਿਸ਼ਵਾਸ ਅਤੇ ਅੰਨੀ ਸ਼ਰਧਾ ਵਿੱਚੋਂ ਬਾਹਰ ਨਿਕਲ ਕੇ, ਗੁਰਮਤਿ ਦੀ ਕਸਵੱਟੀ ਤੇ ਅਤੇ ਵਿਰਸੇ ਤੋਂ ਸੇਧ ਲੈ ਕੇ ਇਸ ਅਤਿ ਗੰਭੀਰ ਮਾਮਲੇ ਤੇ ਵਿਚਾਰ ਕਰਨ ਦੀ ਲੋੜ ਹੈ । ਜੇ ਸਿੱਖ ਇੰਝ ਨਹੀਂ ਕਰਦੇ ਤਾਂ ਉਹ ਫਿਰ ਆਪੋ ਆਪਣੀ ਮਨੋਬਿਰਤੀ ਵਿਚਲੀ ਗੁਲਾਮ ਪਹੁੰਚ ਕਰਕੇ 'ਸੱਚ' ਜਾਣ ਕੇ ਵੀ ਉਸ ਤੋਂ ਮੁਨਕਰ ਹੁੰਦੇ "ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ" ਜੀ ਦੀਆਂ ਸਿੱਖਿਆਵਾਂ ਅਤੇ ਹੁਕਮਾਂ ਤੋਂ ਬਾਗੀ ਹੀ ਵਿਚਰਦੇ ਰਹਿਣਗੇ। ਕੀ ਅਸੀਂ ਅਕਾਲ ਨੂੰ ਆਪੋ ਆਪਣੀ ਮਨੋਬਿਰਤੀ ਵਿੱਚ ਵਸਾਉਣ ਲਈ ਤੇ ਉਸੇ ਦੇ ਹੁਕਮਾਂ ਅਨੁਸਾਰ ਆਪਣੀ ਮਨੋਬਿਰਤੀ ਦੀ ਘਾੜਤ ਕਰਨ ਲਈ ਤਿਆਰ ਹਾਂ ? ਅਗਰ ਹਾਂ ਤਾਂ ਅਸੀਂ ਸਿੱਖ ਹਾਂ ਤੇ ਅਜਿਹੇ ਹੀ ਸੂਰਮਿਆਂ ਨੂੰ ਹੁਣ ਇਹ ਵਿਚਾਰ ਲੈਣਾਂ ਚਾਹੀਦਾ ਹੈ ਕਿ "ਗੁਰਮਤਿ ਪ੍ਰਣਾਲੀ, ਸਿਧਾਂਤ ਅਤੇ ਸੰਕਲਪ" ਸਿੱਖ ਨੂੰ "ਸੰਤ" ਸਬੰਧੀ ਕੀ ਨਿਰਦੇਸ਼, ਹੁਕਮ ਅਤੇ ਸੰਕਲਪ ਦਿੰਦੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਪੀ 'ਗੁਰਮਤਿ ਮਾਰਤੰਡ' ਪੁਸਤਕ ਦੇ ਭਾਗ-1 ਵਿੱਚ ਪੰਨਾ 186 ਤੇ 'ਸੰਤ' ਸ਼ਬਦ ਸੰਬੰਧੀ ਅਰਥਾਂ ਵਿੱਚ ਲਿਖਿਆ ਹੈ "ਸਿੱਖ ਧਰਮ ਅਨੁਸਾਰ ਸੰਤ ਕੋਈ ਖਾਸ ਜਮਾਤ ਅਥਵਾ ਪੰਥ ਨਹੀਂ, ਅਰ ਨਾ ਉਸ ਲਈ ਕੋਈ ਖਾਸ ਲਿਬਾਸ ਨੀਯਤ ਹੈ"। ਫੁਟਨੋਟ ਵਿੱਚ ਹੇਠਾਂ ਵਰਨਣ ਕੀਤਾ ਗਿਆ ਹੈ ਕਿ "ਇਸ ਸਮੇਂ ਵੇਖਣ ਵਿੱਚ ਆਉਂਦਾ ਹੈ ਕਿ ਲੰਮਾ ਕੁੜਤਾ ਜਾਂ ਚੋਲਾ, ਸਿਰ ਤੇ ਛੋਟੀ ਪੱਗ, ਪਜਾਮੇ ਦਾ ਤਿਆਗ, ਪੈਰੀ ਪਉੂਏ, ਇਹ ਸੰਤ ਦਾ ਖਾਸ ਭੇਖ ਹੋ ਗਿਆ ਹੈ, ਜੋ ਲੋਕਾਂ ਨੂੰ ਭੁਲੇਖੇ ਵਿੱਚ ਪਾਉਂਦਾ ਹੈ ਤੇ ਅੰਧਕਾਰੀਆਂ ਦੇ ਮਨਾਂ ਵਿੱਚ ਹੰਕਾਰ ਵਧਾਉਂਦਾ ਹੈ।" ਇੰਜ ਗੁਰਮਤਿ ਮਾਰਤੰਡ ਇਨ੍ਹਾਂ ਡੇਰੇਦਾਰਾਂ ਨੂੰ 'ਸੰਤ' ਨਹੀਂ ਸਵੀਕਾਰਦੀ ਅਤੇ ਅਜੇਹੇ ਸੰਤਾਂ ਦਾ ਖੰਡਣ ਕਰਦੀ ਹੈ।
ਮਹਾਨ ਕੋਸ਼ ਦੇ ਲਿਖਾਰੀ ਭਾਈ ਕਾਨ੍ਹ ਸਿੰਘ ਨਾਭਾ ਦੇ ਅਨੁਸਾਰ 'ਸੰਤ' ਸ਼ਬਦ ਦਾ ਅਰਥ ਸ਼ਾਂਤ, ਮਨ ਇੰਦਰੀਆਂ ਨੂੰ ਜਿਸ ਨੇ ਟਿਕਾਇਆ ਹੈ। ਮਹਾਨ ਕੋਸ਼ ਦਾ ਲਿਖਾਰੀ ਲਿਖਦਾ ਹੈ ਕਿ ਸੰਗਿਯਾ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਨੇਂ 'ਸਿੱਖ-ਸੰਗਤ' ਲਈ 'ਸੰਤ' ਸ਼ਬਦ ਦਾ ਇਸਤੇਮਾਲ ਕੀਤਾ ਹੈ ਜਿਵੇਂ ਗਉੜੀ ਮਹਲਾ 5ਵਾਂ "ਸੰਤ ਸੰਗਿ ਹਰਿ ਮਨਿ ਵਸੈ ॥"
ਇੰਜ ਹੀ ਗੁਰਬਾਣੀ ਵਿੱਚ ਜਿੱਥੇ 'ਸੰਤ ਸਭਾ' ਦਾ ਵਰਨਣ ਕੀਤਾ ਗਿਆ ਹੈ ਉਸ ਦਾ ਅਰਥ ਗੁਰਸਿੱਖਾਂ ਦੀ ਸਭਾ ਹੈ । ਕਿਸੇ ਆਪੂ ਬਣੇ ਸੰਤ-ਸਮਾਜ ਡੇਰੇਦਾਰੀ ਦੀ ਸਭਾ ਨਹੀਂ। ਇਹ ਗੁਰ ਸਿੱਖਾਂ ਦੀ ਸਭਾ ਸਿੰਘ ਸਭਾ ਦੇ ਰੂਪ ਵਿੱਚ ਜਾਣੀ ਜਾਂਦੀ ਹੈ। ਮਹਾਨ ਕੋਸ਼ ਵਿੱਚ ਇਸ ਦਾ ਉਦਾਹਰਣ ਇੰਜ ਦਿੱਤਾ ਹੈ: ਸ੍ਰੀ ਰਾਗ ਮਹਲਾ 5 ਅਨੁਸਾਰ "ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ॥" ਇਸ ਦਾ ਸਿੱਧਾ ਅਰਥ ਹੈ ਕਿ "ਗੁਰੂ ਗ੍ਰੰਥ ਸਾਹਿਬ" ਜੀ ਸਮੂਹਿਕ ਰੂਪ ਵਿੱਚ 'ਗੁਰਸਿੱਖਾਂ' ਨੂੰ 'ਸੰਤ' ਦਾ ਦਰਜਾ ਦਿੰਦੇ ਹਨ। ਕਿਸੇ ਡੇਰੇਦਾਰ ਗੋਲ ਪਗੜੀਏ ਚਿੱਟਕਪੜੀਏ ਭੇਖੀ ਸਾਧ ਨੂੰ ਨਹੀਂ ।
ਭਗਤ ਧੰਨਾ ਜੀ ਨੇ ਮਹਲਾ 4 ਵਿੱਚ ਗੁਰੂ ਨਾਨਕ ਪਾਤਿਸ਼ਾਹ ਲਈ ਇਉਂ ਲਿਖਿਆ ਹੈ "ਸੰਤ ਸਾਧੁ ਜਿਨਿ ਪਾਇਆ ਤੇ ਵਡਪੁਰਖ॥" ਇਸੇ ਲਈ ਸ੍ਰੀ ਰਾਗ ਮਹਲਾ 4ਥਾ ਛੰਤ ਵਿੱਚ ਮਹਾਰਾਜ ਲਿਖਦੇ ਹਨ "ਨਾਨਕ ਸੰਤ ਸੰਤ ਹਰਿ ਇਕੋ॥" ਅਰਥਾਤ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਗੁਰਬਾਣੀ ਗੁਰਮਤਿ ਅਨੁਸਾਰ ਕੇਵਲ ਤੇ ਕੇਵਲ ਗੁਰੂ ਆਪ ਵੀ ਸੰਤ ਹੈ । ਗੁਰੂ ਤੋਂ ਇਲਾਵਾ ਕੋਈ ਹੋਰ ਆਪਣੇ ਆਪ ਨੂੰ ਸੰਤ ਨਹੀਂ ਅਖਵਾ ਸਕਦਾ।
ਵਾਰ ਗੂਜਰੀ ਮਹਲਾ 5 ਵਿੱਚ "ਮੋਹਿ ਨਿਰਗੁਣ ਦੀਚੈ ਥਾਉ ਸੰਤ ਧਰਮਸਾਲੀਐ" ਰਾਹੀਂ ਗੁਰੂ ਗ੍ਰੰਥ ਸਾਹਿਬ ਜੀ, ਗੁਰਸਿੱਖਾਂ ਦੀ 'ਧਰਮਸ਼ਾਲਾ' ਨੂੰ ਅਰਥਾਤ ''ਗੁਰਦੁਆਰਾ'' ਸਾਹਿਬ ਨੂੰ ਸੰਤ ਧਰਮਸ਼ਾਲਾ ਦਰਸਾਉਂਦੇ ਹਨ। ਉਹ ਗੁਰਦੁਆਰਾ ਜੋ ਕਿਸੇ ਭੇਖਧਾਰੀ ਦਾ ਡੇਰਾ, ਮਠ, ਟਕਸਾਲ ਜਾਂ ਇੰਜ ਦਾ ਹੀ ਕੋਈ ਸਥਾਨ ਨਾ ਹੋ ਕੇ ਪੰਥਕ ਮਰਿਆਦਾ ਨੂੰ ਮੰਨਣ ਅਤੇ ਲਾਗੂ ਕਰਨ ਵਾਲਾ ਗੁਰਦੁਆਰਾ ਹੋਵੇ ।
ਗਉੜੀ ਮਹਲਾ 5 ਵਿੱਚ ਗੁਰੂ ਸਾਹਿਬ ਆਖਦੇ ਹਨ "ਸੰਤ ਪ੍ਰਸਾਦਿ ਹਰਿ ਕੀਰਤਨ ਗਾਉ" ਜਿਸਦਾ ਭਾਉ ਹੈ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਅਕਾਲ ਦਾ ਜਸ ਗਾਇਆ ਜਾਂਦਾ ਹੈ।
ਮਹਾਨ ਕੋਸ਼ ਦਾ ਵਿਦਵਾਨ ਲਿਖਾਰੀ ਭਾਈ ਕਾਨ੍ਹ ਸਿੰਘ ਨਾਭਾ ਪੰਨਾ 244 ਤੇ ਸੰਤ ਮਤਿ ਬਾਬਤ ਲਿਖਦਾ ਹੈ ਕਿ "ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼, ਅਰਥਾਤ ਗੁਰਮਤਿ ਹੀ ਸੰਤ ਹੈ। ਅੱਡ ਤੋਂ ਕਿਸੇ ਵਿਅਕਤੀ ਸਾਧ ਜਾਂ ਮਠ ਦੇ ਉਪਦੇਸ਼ ਨੂੰ ਸੰਤ ਮਤਿ ਮੰਨਣਾ ਜਾਂ ਜਾਨਣਾ ਮਨਮਤਿ ਅਤੇ ਪਾਖੰਡ ਹੈ।
'ਗੁਰੂ ਨਾਨਕ ਸ਼ਬਦ ਰਤਨਾਕਰ' ਦੇ ਲਿਖਾਰੀ ਡਾ. ਕਾਲਾ ਸਿੰਘ ਬੇਦੀ ਸੰਤ ਦੇ ਅਰਥ ਸ਼ਾਂਤ ਸੁਭਾਅ ਵਾਲਾ ਮਨੁੱਖ ਵਜੋਂ ਕਰਦੇ ਹਨ। ਪੰਨਾ 102 ਤੇ ਲਿਖਦੇ ਹਨ ਕਿ ਸੰਤ ਸ਼ਬਦ ਸ਼ਾਂਤ ਪਦ ਵਿਚੋਂ ਨਿਕਲਿਆ ਹੈ ਜੋ ਮਨੁੱਖ ਮਨ ਅਤੇ ਇੰਦਰੀਆਂ ਨੂੰ ਟਿਕਾ ਲੈਂਦਾ ਹੈ ਉਹ ਸੰਤ ਹੈ। ਸੰਤ ਦੇ ਅਰਥ ਵਿਦਵਾਨ ਜਾਂ ਪੰਡਿਤ ਦੇ ਵੀ ਲਏ ਜਾਂਦੇ ਹਨ। ਜੋ ਲੋਕ ਅਰਥਾਤ ਮਨੁੱਖ ਸਤਿ ਦੇ ਉਪਾਸ਼ਕ ਹਨ ਉਹ ਸੰਤ ਹਨ। ਜਾਂ ਸ਼ਾਂਤ ਸੁਭਾ ਬਣਾ ਲੈਣ ਵਾਲਾ ਵਿਅਕਤੀ ਸੰਤ ਹੈ। ਜਿਸ ਮੁਤਾਬਿਕ ਸਪਸ਼ਟ ਹੈ ਗੱਲ ਵਿਅਕਤੀ ਦੇ ਸੁਭਾ ਦੀ ਹੋ ਰਹੀ ਹੈ ਕਿਸੇ 'ਪਦਵੀ', 'ਅਵਸਥਾ' ਜਾਂ 'ਮੰਡਲੀ' ਦੀ ਨਹੀਂ । ਜਿਸ ਦਾ ਸਿਧਾ ਅਰਥ ਹੈ ਕਿ ਸੰਤ ਕੋਈ ਆਮ ਮਨੁੱਖਾਂ ਤੋਂ ਅੱਡ ਬਰਾਦਰੀ ਜਾਂ ਸ਼੍ਰੋਮਣੀ ਪਦਵੀਧਾਰੀ ਮੰਡਲੀ ਨਹੀਂ ਹੈ ਜਿਵੇਂ ਕਿ ਇਹ ਅੱਜਕੱਲ੍ਹ ਦੇ ਭੇਖੀ ਸਾਧ ਬਣਾਈ ਫਿਰਦੇ ਹਨ। ਅਤੇ ਨਾ ਹੀ ਅਜਿਹੇ ਅਰਥਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੋਈ ਵੱਖਰੀ ਸਾਧ ਟੋਲੀ ਨੂੰ ਮਾਣਤਾ ਹੀ ਦਿੱਤੀ ਗਈ ਹੈ।
ਗੁਰਬਾਣੀ ਵਿੱਚ ਸੰਤ ਦੇ ਅਨੇਕਾਂ ਹਵਾਲੇ ਮੌਜੂਦ ਹਨ। ਜਿਨ੍ਹਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਬਿਪਰਵਾਦੀ ਰੀਤ ਅਤੇ ਅਰਥਾਂ ਵਿੱਚ ਗੁਰਬਾਣੀ ਕਿਸੇ ਵੀ ਮਨੁੱਖ ਨੂੰ ਸੰਤ ਨਹੀਂ ਸਵੀਕਾਰਦੀ ਅਤੇ ਨਾ ਹੀ ਸਿੱਖ ਧਰਮ ਵਿੱਚ ਮਾਣਤਾ ਦਿੰਦੀ ਹੈ । ਗੌਂਡ ਮਹਲਾ ਪੰਜਵਾਂ ਅੰਕ 867 ਤੇ ਗੁਰਬਾਣੀ ਸਪਸ਼ਟ ਕਰਦੀ ਹੈ "ਸੋਈ ਸੰਤ ਜਿ ਭਾਵੈ ਰਾਮ॥ ਸੰਤ ਗੋਬਿੰਦ ਕੈ ਏਕੈ ਕਾਮ॥'' ਇਸ ਹਵਾਲੇ "ਸੰਤ" ਇੱਕ ਵਚਨ ਹੈ ਅਤੇ ਸਿਰਫ ਤੇ ਸਿਰਫ ਗੁਰੂ ਲਈ ਪ੍ਰਯੋਗ ਹੋਇਆ ਹੈ। ਜਿਸ ਦਾ ਸਿੱਧਾ ਅਰਥ ਹੈ ਕਿ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਅਰਥਾਤ ਸ਼ਬਦ ਗੁਰੂ ਤੋਂ ਇਲਾਵਾ ਕੋਈ ਹੋਰ ਦੂਜਾ ਨਾ ਸੰਤ ਹੋ ਸਕਦਾ ਹੈ ਅਤੇ ਨਾ ਹੀ ਗੁਰਮਤਿ ਕਿਸੇ ਦੂਜੇ ਵਿਅਕਤੀ ਜਾਂ ਇਨਸਾਨ ਨੂੰ ਸੰਤ ਸਵੀਕਾਰ ਕਰਦੀ ਹੈ ਕਿਉਂਕਿ "ਸੰਤ ਗੋਬਿੰਦ ਕੈ ਏਕੈ ਕਾਮ॥" ਕੋਈ ਵਿਅਕਤੀ ਸੰਤ ਨਹੀਂ ਹੈ। ਅਕਾਲ ਪੁਰਖ ਆਪ ਹੀ ਸੰਤ ਹੈ। ਇਸ ਸਿੱਧਾਂਤ ਅਤੇ ਨਿਯਮ ਨੂੰ ਗੁਰਬਾਣੀ ਇੰਜ ਸਮਝਾਉਂਦੀ ਹੈ "ਭਾਗੁ ਹੋਆ ਗੁਰਿ ਸੰਤੁ ਮਿਲਾਇਆ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ॥ ਸੇਵਿ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ॥ 97 ਜਿਸ ਤੋਂ ਸਪਸ਼ਟ ਨਿਰਦੇਸ਼ ਹੈ ਕਿ 'ਸੰਤ' ਪਦ ਤੋਂ ਗੁਰਮਤਿ ਨਿਰਣੈ ਅਤੇ ਗੁਰਬਾਣੀ ਦਾ ਭਾਵ 'ਅਕਾਲ-ਪੁਰਖ' ਵਾਹਿਗੁਰੂ ਪ੍ਰਤੀ ਹੀ ਹੈ। ਕਿਸੇ ਹੋਰ ਲਈ ਨਹੀਂ।
ਇੰਜ ਸਪਸ਼ਟ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਗੁਰਮਤਿ ਦੀ ਖ਼ਾਲਸਤਾਈ ਨੂੰ ਪ੍ਰਗਟ ਕਰਦੇ ਹੋਏ, ਪੰਥ-ਖ਼ਾਲਸੇ ਦੀ ਮਰਿਆਦਾ ਹਿੱਤ; 'ਗੁਰਮਤਿ' ਦੀ ਡਿਕਸ਼ਨਰੀ ਵਿੱਚ 'ਸੰਤ' ਦੇ ਅਰਥ (1) ਸਤਿਗੁਰੂ ਪ੍ਰਥਾਇ, (2) ਅਕਾਲ ਪੁਰਖ ਵਾਸਤੇ, (3) ਗੁਰਸਿੱਖ ਲਈ ਅਤੇ (4) ਗੁਰ ਸਿੱਖਾਂ ਜਾਂ ਸਿੱਖ ਸੰਗਤ ਵਾਸਤੇ ਹੀ ਕੇਵਲ ਕਰਦੇ ਹਨ। ਕਿਸੇ ਵਿਅਕਤੀ ਨੂੰ ਸੰਤ ਨਹੀਂ ਬਣਾਉਂਦੇ ਤੇ ਨਾ ਹੀ ਮਾਣਤਾ ਦਿੰਦੇ ਹਲ।
ਪੰਥ ਖ਼ਾਲਸੇ ਦੀ ਖ਼ਾਲਸਤਾਈਤਾ ਦੇ ਪ੍ਰਗਟਾ ਨੂੰ ਪਾਕ-ਸਾਫ਼ ਰੱਖਣ ਲਈ ਗੁਰਮਤਿ ਦੀ 'ਡਿਕਸ਼ਨਰੀ' ਰਾਹੀਂ, ਵਿਅਕਤੀ ਰੂਪੀ ਸੰਤ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਆਪ ਅਰਥ ਇਉਂ ਸਮਝਾਂਦੇ ਹਨ :- "ਚਿੱਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ॥ ਤਿਨ ਮੁਖਿ ਨਾਮੁ ਨ ਉਪਜੈ ਦੂਜੇ ਵਿਆਪੈ ਚੋਰ ਜੀਉ॥ ਮੂਲ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ॥"751 ਅਤੇ "ਹਿਰਦੈ ਜਿਨ ਕੈ ਕਪਟ ਵਸੈ ਬਾਹਰਹੁ ਸੰਤ ਕਹਾਹਿ॥ ਤ੍ਰਿਸਨਾ ਮੂਲ ਨ ਚੁਕਈ ਅੰਤਿ ਗਏ ਪਛੁਤਾਹਿ॥"491 ਇਨ੍ਹਾਂ ਦਾ ਆਚਰਣ ਸਮਝਾਉਂਦੇ ਗੁਰੂ ਸਾਹਿਬ ਕਹਿੰਦੇ ਹਨ - "ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥ ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ॥"1395 ਅਤੇ ਜਿਨ੍ਹਾਂ ਬਾਬਤ ਗੁਰੂ ਗ੍ਰੰਥ ਸਾਹਿਬ ਜੀ ਇਹ ਨਿਰਣਾ ਸਿੱਖ ਨੂੰ ਦਿੰਦੇ ਹਨ "ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟ ਕਮਾਇ॥ ਹਰਿ ਕਾ ਮਹਲੁ ਨ ਪਾਵਈ ਮਰ ਵਿਸਟਾ ਮਾਹਿ ਸਮਾਇ॥"26 ਜਿਸ ਦਾ ਅਰਥ ਹੈ ਦੂਜਿਆਂ ਮਨੁੱਖਾਂ ਨੂੰ ਠੱਗਣ ਲਈ ਬਹੁਤੇ ਧਾਰਮਿਕ ਪਹਿਰਾਵੇ ਪਹਿਨ ਕੇ ਮਨ ਅਥਵਾ ਹਿਰਦੇ ਵਿੱਚ ਖੋਟ ਕਮਾ ਕੇ ਆਪ ਹੀ ਭਟਕਦੇ ਫਿਰਦੇ ਹਨ। ਅਜਿਹੇ ਪਾਖੰਡੀ ਮਨੁੱਖ ਪ੍ਰਮਾਤਮਾ ਦੀ ਬਖਸ਼ਿਸ਼ ਖੁਦ ਵੀ ਨਹੀਂ ਪਾ ਸਕਦੇ ਅਤੇ ਅੰਤ 'ਵਿਸ਼ਟਾ' (ਗੂੰਹ) ਦੇ ਗੰਦ ਵਿੱਚ ਹੀ ਭਸਮ ਹੋ ਜਾਂਦੇ ਹਨ। ਤੇ ਭਾਈ ਗੁਰ ਸਿੱਖੋ ! ਹੁਣ ਤੁਸੀਂ ਖੁਦ ਸੋਚੋ ਕਿ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਤੁਸੀਂ ਇਨ੍ਹਾਂ ਭੇਖੀਆਂ ਪਾਖੰਡੀਆਂ ਅਤੇ ਜਿਨ੍ਹਾਂ ਨੂੰ ਗੁਰੂ ਸਪਸ਼ਟ ਤੋਰ ਤੇ ਇਹ ਆਖ ਰਿਹਾ ਹੈ- "ਉਇ ਹਰਿ ਕੇ ਸੰਤ ਨ ਆਖੀਅਹਿ ਬਨਾਰਸਿ ਕੇ ਠਗ॥"476 ਹੇ ਸਿੱਖੋ ਤੁਸੀਂ ਖੁਦ ਫੈਸਲਾ ਕਰਨਾਂ ਹੈ ਕਿ ਕੀ ਤੁਸੀਂ ਇਨ੍ਹਾਂ ਨਾਲ ਰਲ ਕੇ ਇਨ੍ਹਾਂ ਵਾਂਗ ਹੀ ਖੁਦ ਵੀ ਗੰਦ ਵਿੱਚ ਤੇ ਵਿਸ਼ਟਾ 'ਚ ਜਾ ਗਰਕ ਹੋਣਾ ਹੈ ਜਾਂ ਗੁਰਮਤਿ ਨਾਲ ਜੁੜਨ ਲਈ ਇਨ੍ਹਾਂ ਚਿੱਟ ਕਪੜੀਏ ਠੱਗਾਂ ਦਾ ਸਾਥ ਛੱਡਣਾ ਹੈ ?
ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਵਿੱਚ ਕੋਈ ਭਰਮ ਬਾਕੀ ਨਹੀਂ ਛੱਡਦੇ। ਇਸ ਲਈ ਬਹੁਵਚਨ ਰੂਪ ਵਿੱਚ ਵੀ 'ਸੰਤ' ਸ਼ਬਦ ਦਾ ਗੁਰਮਤਿ ਅਨੁਸਾਰ ਅਰਥ ਦਸਦੇ ਹਨ- "ਜਿਨ ਕੈ ਹੀਅਰੈ ਬਸਿਓ ਮੇਰਾ ਸਤਿਗੁਰੁ ਤੇ ਸੰਤ ਭਲੇ ਭਲ ਭਾਂਤਿ॥"1264 ਇਸ ਹਵਾਲੇ ਵਿੱਚ "ਸੰਤ" ਬਹੁ ਵਚਨ ਹੈ, ਜੋ ਸਿੱਖਾਂ ਭਾਉ ਸਮੂਹ ਸੰਗਤ ਜਾਂ ਪੰਥ ਲਈ ਵਰਤਿਆ ਗਿਆ ਹੈ । ਜਿਸ ਦਾ ਸਿੱਧਾ ਅਰਥ ਹੈ ਕਿ ਸੰਗਤ ਅਤੇ ਪੰਥ ਹੀ ਸਮੂਹਿਕ ਰੂਪ ਵਿੱਚ ਸੰਤ ਹੈ, ਕੋਈ ਵਿਅਕਤੀ ਨਹੀਂ। ਸੰਤ ਦੀ ਪਦਵੀ ਧਾਰੀ ਸ਼ਰੀਰਕ ਸਖਸੀਅਤ ਅਗਰ ਕੋਈ ਹੈ ਤੇ ਉਹ ਕੇਵਲ ਗੁਰੂ ਪੰਥ ਹੈ ਤੇ ਸਰਬੱਤ ਖ਼ਾਲਸੇ ਦੇ ਰੂਪ ਵਿੱਚ ਪੰਥ ਹੀ ਸੰਤ ਹੈ। ਇੰਜ ਸਪਸ਼ਟ ਹੈ ਕਿ ਸਿੱਖ ਧਰਮ ਵਿੱਚ ਕੋਈ ਵੀ ਵਿਅਕਤੀ ਵਿਸ਼ੇਸ਼ ਆਪਣੇ-ਆਪ ਨੂੰ ਸੰਤ ਨਹੀਂ ਅਖਵਾ ਸਕਦਾ ਹੈ। ਇਸੇ ਲਈ 'ਗੁਰਮਤਿ ਨਿਰਣਯ ਕੋਸ਼' ਦਾ ਲਿਖਾਰੀ ਲਿਖਦਾ ਹੈ "ਸੋ ਸਪਸ਼ਟ ਹੈ ਕਿ ਗੁਰਬਾਣੀ ਵਿਚਲਾ "ਸੰਤ" ਵਿਅਕਤੀ ਵਿਸ਼ੇਸ਼ ਦੀ ਥਾਂ ਸਮੁੱਚੇ ਸਿੱਖਾਂ ਲਈ ਹੀ ਪ੍ਰਯੋਗ ਹੋਇਆ ਹੈ। ਕਿਸੇ ਵੀ ਵਿਅਕਤੀ ਦੁਆਰਾ ਖੁਦ ਨੂੰ ਸੰਤ ਅਖਵਾਉਣਾ ਘੋਰ ਮਨਮਤਿ ਹੈ। ਇਸੇ ਤਰ੍ਹਾਂ ਕਿਸੇ ਵਿਅਕਤੀ ਨੂੰ ਸੰਤ ਕਹਿਣਾ ਵੀ ਪਾਪ ਕਰਮ ਹੈ।"
ਹੁਣ ਸਿੱਖ ਸੰਗਤ ਨੂੰ ਵਿਅਕਤੀ ਵਿਸ਼ੇਸ਼ ਚਿੱਟ ਕੱਪੜੀਏ, ਗੋਲ ਪੱਗੜੀਏ, ਆਪਣੀਆਂ ਨੰਗੀਆਂ ਲੱਤਾਂ ਦਾ ਪ੍ਰਦਰਸ਼ਨ ਕਰਦੇ ਅਤੇ ਆਪਣੇ ਆਪ ਨੂੰ ਸੰਤ ਅਖਵਾਉਂਦੇ ਘੋਰ ਮਨਮਤੀਏ ਦੋਖੀਆਂ ਤੋਂ ਸਾਵਧਾਨ ਹੋ ਜਾਣਾ ਚਾਹੀਦਾ ਹੈ। ਇਹ ਸਮੁੱਚੀ ਜਮਾਤ ਸੁਖਮਨੀ ਸਾਹਿਬ ਦੀ 13ਵੀਂ ਪਉੜੀ ਦਾ ਸਹਾਰਾ ਲੈ ਕੇ ਅਤੇ ਉਸ ਦੇ ਅਰਥਾਂ ਦੇ ਅਨਰਥ, ਸਿੱਖ ਸੰਗਤਾਂ ਨੂੰ ਜਾਣ ਬੁੱਝ ਕੇ ਸਮਝਾ ਕੇ, ਸਿੱਖ ਧਰਮ ਵਿੱਚ ਬਿਪਰਵਾਦੀ ਰੀਤ 'ਸੰਤ-ਪ੍ਰਣਾਲੀ ਅਤੇ ਡੇਰਾਵਾਦੀ' ਰੀਤ ਚਲਾ ਕੇ; ਆਪਣੇ ਮਗਰ ਲਾਉਣ ਦਾ ਘੋਰ ਪਾਪ ਕਮਾ ਰਹੇ ਹਨ। ਸਿੱਖ ਬੀਬੀਆਂ ਨੂੰ ਇਨ੍ਹਾਂ ਨੇ ਆਪਣੀ ਸੇਵਾ ਵਿੱਚ ਲਾਉਣ ਵਾਸਤੇ ਹੀ ਅਤੇ ਉਨ੍ਹਾਂ ਦੀ ਕੋਮਲ ਮਨੋ-ਭਾਵਨਾਵਾਂ ਨੂੰ ਆਪਣੀ ਹੰਕਾਰ ਵਾਸ਼ਨਾ ਦਾ ਸ਼ਿਕਾਰ ਬਣਾਉਣ ਹਿੱਤ ਹੀ ਸੰਤ-ਸਾਧ-ਡੇਰਾਵਾਦ ਦੀ ਕੈਦ ਵਿੱਚ ਪਾ ਦਿੱਤਾ ਹੈ ਤੇ ਆਪਣੇ-ਆਪ ਨੂੰ ਸੰਤ ਸਥਾਪਿਤ ਕਰ ਲਿਆ ਹੈ। ਸਿੱਖ ਬੀਬੀਓ ! ਸਾਵਧਾਨ ਹੋ ਜਾਵੋ, ਇਹ ਤੁਹਾਡਾ ਦੰਭੀ, ਪਾਖੰਡੀ ਵਿਅਕਤੀ ਸੰਤ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਉਪਰੋਕਤ ਵਿਚਾਰ ਅਨੁਸਾਰ ਸੰਗਤ ਨੂੰ ਸੰਤ, ਪੰਥ ਨੂੰ ਸੰਤ, ਅਕਾਲ ਪੁਰਖ ਨੂੰ ਸੰਤ ਅਤੇ ਸ਼ਬਦ ਗੁਰੂ ਨੂੰ ਸੰਤ ਅਤੇ ਗੁਰਬਾਣੀ ਵਿੱਚ ਵੀ ਅਤੇ ਸੁਖਮਨੀ ਸਾਹਿਬ ਦੀ ਪਉੜੀ 13ਵੀਂ ਵਿੱਚ ਵੀ ਸਥਾਪਿਤ ਕਰਦੇ ਹਨ। ਇਸ ਲਈ ਆਪਣੇ-ਆਪ ਨੂੰ ਕਿਸੇ ਵਿਅਕਤੀ ਨੂੰ ਸੰਤ ਆਖ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਗ਼ੀ ਨਾ ਹੋਵੋ, ਗੁਰੂ ਦੀ ਕਰੋਪੀ ਨਾ ਸਹੋ, ਅਤੇ ਗੁਰੂ ਸ਼ਬਦ ਨੂੰ ਹੀ ਸੰਤ ਜਾਣੋ। ਜ਼ਰਾ ਖਿਆਲ ਕਰੋ ਬੀਬੀਓ ਕਿਉਂਕਿ ਤੁਹਾਨੂੰ ਇਨ੍ਹਾਂ ਮਨਮਤੀ ਭੇਖੀ ਅਤੇ ਪਾਖੰਡੀ ਸਾਧਾਂ ਨੇ ਕੁਰਾਹੇ ਪਾ ਦਿੱਤਾ ਹੈ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਮਤਿ ਨੂੰ, ਗੁਰ-ਸ਼ਬਦ ਨੂੰ ਅਤੇ ਅਕਾਲ ਨੂੰ ਸੰਤ ਮੰਨਣ ਦੀ ਬਜਾਏ ਇਨ੍ਹਾਂ ਚਿੱਟ ਕੱਪੜੀਆਂ, ਗੋਲ ਪੱਗੜੀਆਂ ਅਤੇ ਲੱਤਾਂ ਦੇ ਨੰਗੇਜ਼ ਦਰਸਾਉਂਦੀਆਂ ਪਾਪ ਕਮਾਉਂਦੀਆਂ, ਹੰਕਾਰੀ ਪ੍ਰਵਿਰਤੀਆਂ ਨੂੰ ਸੰਤ ਆਖਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕਰਕੇ ਹਜ਼ਾਰਾਂ ਸੁਖਮਨੀ ਦੇ ਪਾਠ ਕਰਨ ਤੋਂ ਬਾਅਦ ਵੀ ਨਾ ਤਾਂ ਤੁਹਾਡੇ ਹਿਰਦੇ ਵਿੱਚ ਸੁੱਖ ਤੇ ਸ਼ਾਂਤੀ ਵਰਤੀ, ਨਾ ਪਰਿਵਾਰ ਵਿੱਚ ਅਤੇ ਨਾ ਹੀ ਰਿਸ਼ਤਿਆਂ ਵਿੱਚ, ਨਾ ਸਮਾਜ ਵਿੱਚ। ਕਦੇ ਸਬਰ ਅਤੇ ਸਹਿਜ ਨਾਲ ਆਪਣੀ ਆਤਮਾ ਦੀ ਜ਼ਮੀਰ ਵਿੱਚ, ਸੰਤ ਵਿਅਕਤੀ ਦੀ ਗੁਲਾਮੀ ਤੋਂ ਮੁਕਤ ਹੋ ਕੇ ''ਸੰਤ-ਗੁਰੂ ਗ੍ਰੰਥ-ਪੰਥ'' ਦੇ 'ਸ਼ਬਦ' ਦੇ ਗਿਆਨ ਨਾਲ ਆਤਮ ਪੜਚੋਲ ਕਰਕੇ ਵੇਖੋ ਕਿ ਕੀ ਸੱਚ ਹੈ ਕੀ ਝੂਠ ?
ਇਸੇ ਲਈ ਭਾਈ ਰਣਧੀਰ ਸਿੰਘ ਜੀ ਆਪਣੀ ਪੁਸਤਕ "ਸੰਤ ਪਦ ਨਿਰਣੈ ਵਿੱਚ" ਲਿਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ 'ਸੰਤ' ਪਦ ਦੇ 161 ਪ੍ਰਮਾਣ ਅਜਿਹੇ ਆਉਂਦੇ ਹਨ ਜਿਸ ਵਿੱਚ ਸੰਤ ਸ਼ਬਦ ਗੁਰਸਿੱਖਾਂ ਪ੍ਰਥਾਏ ਗੁਰਬਾਣੀ ਲਿਖਦੀ ਹੈ । ਇਨ੍ਹਾਂ ਸਭਨਾਂ ਸ਼ਬਦਾਂ ਦੀ ਵਿਆਖਿਆ ਸਮੇਤ ਭਾਈ ਰਣਧੀਰ ਸਿੰਘ ਜੀ ਨਿਰਣੈ ਕਰਦੇ ਹਨ ਕਿ ਇਹ ਗੁਰਬਾਣੀ ਵਿੱਚ "ਸੰਤ", "ਗੁਰਸਿੱਖਾਂ" ਪ੍ਰਥਾਇ ਵਰਤਿਆ ਗਿਆ ਹੈ। ਕਿਸੇ ਪਦਵੀ ਬਣਾਈ ਬੈਠੇ ਡੇਰਵਾਦੀ ਵਿਅਕਤੀ ਲਈ ਨਹੀਂ !
ਭਾਈ ਰਣਧੀਰ ਸਿੰਘ ਜੀ ਹੀ "ਨਾਮ ਤੇ ਨਾਮ ਦਾ ਦਾਤਾ ਸਤਿਗੁਰੂ' ਸਿਰਲੇਖ ਹੇਠ ਆਪਣੀ ਪੁਸਤਕ ਵਿੱਚ ਦੁਬਾਰਾ ਗੁਰਸਿੱਖਾਂ ਨੂੰ ਸੰਤਵਾਦੀ-ਸਾਧ ਬਰਾਦਰੀ ਤੋਂ ਆਜਾਦ ਕਰਾਉਣ ਲਈ ਪੰਨਾ 90 ਤੇ 'ਸੰਤ' ਪਦ ਦੇ ਨਿਰਣੈ ਬਾਰੇ ਹੋਰ ਸਪਸ਼ਟ ਕਰਕੇ ਲਿਖਦੇ ਹਨ ਕਿ ਇਹ ਸਿਰਫ ਤੇ ਸਿਰਫ ਸਤਿਗੁਰੂ ਪ੍ਰਥਾਇ ਹੀ ਵਰਤਿਆ ਗਿਆ ਹੈ। ਭਾਈ ਸਾਹਿਬ ਦੀ ਆਪਣੀ ਭਾਸ਼ਾ 'ਚ -'ਬੇਸ਼ਕ ਗੁਰਬਾਣੀ ਵਿੱਚ ਅਜਿਹੇ ਗੁਰਵਾਕ ਹਨ, ਜਿਨ੍ਹਾਂ ਵਿੱਚ ਗੁਰੂ ਕੇ ਸਿੱਖਾਂ ਪ੍ਰਥਾਇ ਭੀ 'ਸੰਤ ਪਦ' ਘਟਦਾ ਹੈ, ਪਰ ਸਾਰੀ ਬਾਣੀ ਵਿੱਚ 'ਸੰਤ' ਅਤੇ 'ਸਾਧ' ਪਦ ਦੀ ਬਹੁਤੀ ਸ਼ਲਾਘਾ, ਪੂਜਮਈ ਸ਼ਲਾਘਾ ਜੋ ਹੈ, ਸੋ, ਸਿਰਫ ਗੁਰੂ ਸਾਹਿਬਾਨ ਉਪਰ ਹੀ ਘਟਦੀ ਹੈ। ਸੁਖਮਨੀ ਸਾਹਿਬ ਵਿੱਚ 'ਸੰਤ', 'ਸਾਧ' ਤੇ 'ਬ੍ਰਹਮਗਿਆਨੀ' ਦੀ ਜੋ ਮਹਿਮਾ ਸ੍ਰੀ ਪੰਚਮ ਪਾਤਿਸ਼ਾਹ ਨੇ ਵਰਣਨ ਕੀਤੀ ਹੈ, ਉਹ ਸਭ ਪਹਿਲੇ ਗੁਰੂ ਸਾਹਿਬਾਨ ਪ੍ਰਥਾਇ ਹੀ ਉਚਾਰਨ ਹੋਈ ਹੈ।"
ਦਰਅਸਲ ਸੰਤ ਪਦ ਗੁਰਬਾਣੀ 'ਚ ਵਾਹਿਗੁਰੂ ਪ੍ਰਤੀ ਹੀ ਮਿਲਦਾ ਹੈ। ਕਿਸੇ ਵਿਅਕਤੀ ਜਾਂ ਅਕਾਲ ਪੁਰਖ ਤੋਂ ਅੱਡ ਜਾਂ ਗੁਰੂ ਸਾਹਿਬਾਨ ਤੋਂ ਅੱਡ ਜਾਂ ਗੁਰੂ ਗ੍ਰੰਥ ਸਾਹਿਬ ਤੋਂ ਅੱਡ ਕਿਸੇ ਪਾਖੰਡੀ ਲਈ ਗੁਰੂ ਗੰਥ ਸਾਹਿਬ ਵਿੱਚ ਇਹ ਸੰਤ ਸ਼ਬਦ ਨਹੀਂ ਲਿਖਿਆ ਗਿਆ ਹੈ। ਜਿਵੇਂ- "ਭਾਗੁ ਹੋਆ "ਗੁਰਿ" "ਸੰਤੁ" ਮਿਲਾਇਆ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ॥" ਸ਼ਬਦ ਦੀ ਇਸ ਪੰਕਤੀ ਦਾ ਅਰਥ ਗੁਰਮਤਿ ਅਨੁਸਾਰ ਇਹ ਹੈ - "ਗੁਰੂ ਨੇ ਸੰਤ ਮਿਲਾ ਦਿੱਤਾ ਹੈ ਅਰਥਾਤ ਗੁਰੂ ਨੇ ਪ੍ਰਭੂ ਨੂੰ ਮਿਲਾ ਦਿੱਤਾ ਹੈ।" ਇਸ ਦਾ ਪਾਖੰਡੀ ਸਾਧ ਅਰਥ ਇੰਜ ਕਰਦੇ ਹਨ, ਜਾਂ ਸੰਤਵਾਦੀਆਂ ਮੁਤਾਬਿਕ ਹੋਵੇ ਤਾਂ ਫਿਰ ਇਹ ਕਹਿਣਾ ਬਣੇਗਾ ਕਿ 'ਗੁਰੂ ਨੇ ਇੱਕ ਵਿਅਕਤੀ ਸੰਤ (ਚਿੱਟ ਕਪੜੀਆਂ-ਗੋਲ ਪੱਗੜੀਆਂ-ਲੱਤੋਂ ਨੰਗਾ-ਪਜ਼ਾਮੇ ਦਾ ਤਿਆਗੀ) ਮਿਲਾ ਦਿੱਤਾ ਹੈ।' ਤਾਂ ਫਿਰ ਇਹ ਪਾਖੰਡੀ ਤਾਂ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਤੋਂ ਵੀ ਵੱਡਾ ਹੈ ਗਿਆ ਨਾ ! ਨਹੀਂ ? ਇੰਜ ਇਹ ਪਾਖੰਡੀਆਂ ਵਲੋਂ ਕੀਤੇ ਜਾਂਦੇ ਅਰਥ ਦੇ ਅਨਰਥ ਹਨ। ਜਿਵੇਂ ਇਹ ਸੁਖਮਨੀ ਸਾਹਿਬ ਦੀ ਬਾਣੀ ਨਾਲ ਕਰੀ ਜਾ ਰਹੇ ਹਨ। ਇਸ ਪੰਕਤੀ ਦੇ ਗ੍ਰਹਿਣ ਕਰਨ ਯੋਗ ਗੁਰਮਤਿ ਅਰਥ ਇੰਜ ਹਨ "ਮੇਰਾ ਭਾਗ ਪ੍ਰਗਟ ਹੋਇਆ ਹੈ ਅਤੇ ਮੇਰੇ ਗੁਰੂ ਨੇ 'ਪ੍ਰਭੂ-ਸੰਤ' ਨਾਲ ਮਿਲਾ ਦਿੱਤਾ ਹੈ।" ਗੁਰੂ ਤਾਂ ਅਕਾਲ ਪੁਰਖ ਨਾਲ ਹੀ ਮੇਲੇਗਾ ਕਿਸੇ ਪਾਖੰਡੀ ਵਿਅਕਤੀ ਨਾਲ ਤਾਂ ਨਹੀਂ ਮੇਲਣ ਲੱਗਾ ਨਾ। ਜੇ ਗੁਰੂ ਖੁਦ ਹੀ ਕਿਸੇ ਪਾਖੰਡੀ ਵਿਅਕਤੀ ਨੂੰ ਸੰਤ ਬਣਾ ਉਸ ਨਾਲ ਆਪਣੇ ਸਿੱਖ ਨੂੰ ਮੇਲ ਕੇ ਉਸ ਦੇ ਭਾਗ ਜਗਾਉਣ ਲੱਗ ਪਿਆ ਤਾਂ ਫਿਰ 'ਗੁਰੂ' ਦੀ ਬਾਕੀ ਕੀ ਲੋੜ ਰਹਿ ਜਾਂਦੀ ਹੈ ? ਸਿੱਖੋ ! ਆਪਣੇ ਅੰਦਰਲੀ ਬੁੱਧੀ ਦੀ ਚੇਤਨਾ ਨੂੰ ਜਗਾਉ।
ਗੁਰੂ ਗ੍ਰੰਥ ਸਾਹਿਬ ਜੀ ਦੇੇ ਸਟੀਕ ਲਿਖਣ ਵਾਲੇ ਲਿਖਾਰੀਆਂ ਨੇ ਵੀ ਗੁਰਮਤਿ ਵਿਚਾਰਧਾਰਾ ਨਾਲ ਸੰਤ ਦੇ ਅਰਥ ਨਾ ਕਰਕੇ ਅਤੇ ਇਸ ਮੁੱਦੇ ਤੇ ਚੁੱਪ ਵੱਟ ਕੇ ਸ਼ਬਦਾਰਥ ਕਰ ਜਾਣੇ ਆਪਣੇ-ਆਪ ਵਿੱਚ ਘੋਰ ਪਾਪ ਹੀ ਕਮਾਇਆ ਹੈ। ਸਿੱਖ ਲਿਖਾਰੀ ਅਤੇ ਗੁਰਮਤਿ ਦੇ ਤਾਂਘੀ ਇਸ ਮਨੋਰਥ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਗਏ ਟੀਕਿਆਂ ਦੀ ਪੜਚੋਲ ਕਰ ਸਕਦੇ ਹਨ। ਇਹੋ ਵਜ੍ਹਾ ਹੈ ਕਿ ਪਿਛਲੇ 164 ਸਾਲਾਂ ਵਿੱਚ ਅਰਥਾਤ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇਸ ਸੰਤ-ਸਾਧ ਨੂੰ ਬਿਪਰਵਾਦੀ ਡੇਰੇਦਾਰ ਦੇ ਤੋਰ ਤੇ ਸਥਾਪਤ ਕੀਤਾ ਗਿਆ ਹੈ। ਇਸ ਦਾ ਮਨੋਰਥ ਅਤੇ ਨਿਸ਼ਾਨਾਂ ਬੜਾ ਹੀ ਸਪਸ਼ਟ ਹੈ ਕਿ ਸਿੱਖ ਸਮਾਜ ਨੂੰ ਮਾਨਸਿਕ ਤੌਰ ਤੇ ਇਤਨਾਂ ਲਾਚਾਰ ਅਤੇ ਨਿਰਾਸ਼ ਕਰ ਦਿੱਤਾ ਜਾਵੇ ਕਿ ਆਪਣੇ ਗੁਰੂ "ਗੁਰੂ ਗ੍ਰੰਥ-ਗੁਰੂ ਪੰਥ" ਤੋਂ ਤੋੜ ਕੇ ਸਿੱਖ ਨੂੰ ਜ਼ਬਰਦਸਤੀ ਜਾਂ ਸੁਤੇ ਸਿਧ ਹੀ ਵਿਅਕਤੀ ਰੂਪ ਵਿੱਚ ਸ਼ਖਸ਼ੀ, ਹੰਕਾਰੀ, ਮਨਮਤੀ, ਸ਼ਖਸੀਅਤ ਨੂੰ 'ਸਾਧ', ਸੰਤ, ਬ੍ਰਹਿਮਗਿਆਨੀ ਬਣਾ ਕੇ ਇਨ੍ਹਾਂ ਨਾਲ ਜੋੜ ਦਿਓ । ਸਿੱਖ ਕੌਮ ਦੀ ਹੋਂਦ ਆਪਣੇ ਆਪ ਹੀ ਵੰਡੀਆਂ ਪੈ ਪੈ ਕੇ ਬਿਖਰ ਕੇ ਖ਼ਤਮ ਹੋ ਜਾਏਗੀ । ਤੇ ਹੋਲੀ-ਹੋਲੀ ਇਨ੍ਹਾਂ ਹਿੰਦੁਤਵਾਵਾਦੀ ਸੰਤ-ਸਾਧ ਬਰਾਦਰੀ ਦੇ ਸਿੱਖ ਬਣ ਕੇ ਖ਼ਾਲਸਾ ਆਪਣੇ ਆਪ ਹੀ ਹਿੰਦੂ ਬਣ ਜਾਵੇਗਾ । ਉਹ ਹਿੰਦੂ ਜਿਸ ਦਾ ਆਪਣੇ ਆਪ ਵਿੱਚ ਕੋਈ ਵਜੂਦ ਨਹੀਂ ਹੈ । ਜਿਸ 'ਹਿੰਦੂ' ਦਾ ਧਾਰਮਿਕ ਤੋਰ ਤੇ ਬਤੌਰ ਸ਼ਬਦ ਹਿੰਦੂ ਦੇ ਅਸੀ ਜਿਕਰ ਕਰਦੇ ਹਾਂ, ਇਹ ਸ਼ਬਦ, ਸਿਧਾਂਤ ਅਤੇ ਵਿਆਖਿਆ ਸਾਨੂੰ ਕਿਸੇ ਵੀ ਪੁਰਾਣ, ਵੇਦ, ਗੀਤਾ, ਮਹਾਭਾਰਤ, ਸਿੰਮਰਤੀਆਂ ਵਿੱਚ ਜਿਕਰ ਤਕ ਨਹੀਂ ਹੈ ਅਤੇ ਸ਼ਬਦ 'ਹਿੰਦੂ' ਇਨ੍ਹਾਂ ਗ੍ਰੰਥਾਂ ਵਿੱਚ ਲਿਖਿਆ ਤਕ ਨਹੀਂ ਮਿਲਦਾ ਹੈ; ਤਾਂ ਫਿਰ ਉਸ ਅਨਾਮ, ਬਿਨਾ ਪਹਿਚਾਨ ਅਤੇ ਮਰਿਆਦਾ-ਆਦਰਸ਼ਹੀਨ ਹਿੰਦੂ ਦੇ ਤੌਰ ਤੇ ਸਿੱਖਾਂ ਨੂੰ ਵੀ ਬੇਗੁਰਾ ਬਣਾ ਕੇ ਖਤਮ ਕਰ ਦਿੱਤਾ ਜਾਵੇ । ਇਸੇ ਟੀਚਿਆਂ ਦੀ ਪਰਾਪਤੀ ਲਈ 'ਬ੍ਰਹਾਮਣ' ਨੇ ਸਿੱਖਾਂ ਨੂੰ ਖ਼ਤਮ ਕਰਨ ਦੀ ਨੀਤੀ ਨਾਲ ਇਨ੍ਹਾਂ ਸੰਤ-ਸਾਧਾਂ-ਡੇਰੇਦਾਰਾਂ, ਕਾਰਸੇਵਾ-ਬ੍ਰਹਿਮਗਿਆਨੀਆਂ ਨੂੰ ਆਪਣੇ ਸੰਦ ਬਣਾ ਕੇ ਆਪਣੇ ਹਥਿਆਰ ਦੇ ਤੌਰ ਤੇ ਸਿੱਖ ਸਮਾਜ ਵਿੱਚ ਸਥਾਪਿਤ ਕੀਤਾ ਹੈ। ਇਹੋ ਕੰਮ ਪਹਿਲਾਂ ਸਿੱਖਾਂ ਨੂੰ ਗੁਲਾਮ ਬਣਾਈ ਰੱਖਣ ਲਈ ਅੰਗਰੇਜ ਹਕੂਮਤ ਨੇਂ ਕੀਤਾ ਸੀ । ਸਿੱਖ ਆਪਣੀ ਸਰਕਾਰ-ਏ-ਖ਼ਾਲਸਾ ਦੀ ਸਥਾਪਨਾਂ ਲਈ ਕਿਤੇ ਜੱਥੇਬੰਦ ਸੰਘਰਸ਼ ਨਾ ਖੜਾ ਕਰ ਦੇਣ ਇਸ ਖਿਆਲ ਨੂੰ ਵੀ ਸਿੱਖਾਂ ਵਿੱਚ ਉਪਜਣ ਨਾ ਦਿੱਤਾ ਜਾਵੇ ਦੀ ਮਨਸ਼ਾ ਨਾਲ, ਇਨ੍ਹਾਂ ਸੰਤਾਂ ਦਾ ਜਨਮ ਅੰਗਰੇਜ ਦੀ ਕੂਟਨੀਤੀਕ ਸੰਦ ਦੀ ਕੁੱਖ ਵਿਚੋਂ ਸਿੱਖ ਵਿਹੜੇ ਵਿੱਚ ਹੋਇਆ ਸੀ । ਅੰਗਰੇਜ 'ਚਰਚ' ਅਤੇ 'ਸੱਤਾ' ਦੀ ਆਪਸੀ ਸਾਂਝ ਨਾਲ ਆਪਣੇ ਅਧੀਨ ਲੋਕਾਈ ਨੂੰ ਗੁਲਾਮ ਬਣਾਈ ਰੱਖਣ ਤੋਂ ਆਪਣੇ ਹੀ ਮੁਲਕ ਅਤੇ ਬਾਕੀ ਦੇ ਯੂਰੋਪੀਯਨ ਮੁਲਕਾਂ ਦੇ ਤਜਰਬੇ ਤੋਂ ਮੁਹਾਰਤ ਹਾਸਲ ਕਰੀ ਬੈਠਾ ਸੀ। ਜਦ ਕੇ ਉਸ ਦੇ ਆਪਣੇ ਇਸਾਈ ਧਰਮ ਵਿੱਚ ਕਿਸੇ ਜੀਵਤ ਵਿਅਕਤੀ ਨੂੰ 'ਸੰਤ' ਦੀ ਪਦਵੀ ਨਹੀਂ ਦਿੱਤੀ ਜਾਂਦੀ ਪਰ ਅੰਗਰੇਜ ਨੇ 'ਸੰਤ ਤੇ ਰਾਜ ਸੱਤਾ' ਦੀ ਆਪਸੀ ਮਿਲੀਭੁਗਤ ਨਾਲ ਸਿੱਖ ਕੌਮ ਨੂੰ ਗੁਲਾਮ ਬਣਾਈ ਰੱਖਣ ਲਈ; ਸਿੱਖ ਕੌਮ ਵਿੱਚ ਸੰਤ ਪੈਦਾ ਕਰਕੇ ਕੌਮ ਨੂੰ ਗੁਮਰਾਹ ਕਰ ਲਿਆ ਤੇ ਹਿੰਦੂ ਨੇ ਇਸ ਨੂੰ ਅੱਗੇ ਤੋਰ ਲਿਆ ਹੈ।
ਕੀ ਸਮੁੱਚਾ ਸੰਤ ਸਮਾਜ ਅਤੇ ਇਨ੍ਹਾਂ ਦਾ ਸਮਰਥੱਕ ਲਿਖਾਰੀ ਸਮਾਜ ਮੇਰੇ ਇਸ ਸਵਾਲ ਦਾ ਜਵਾਬ ਦੇ ਸਕਦਾ ਹੈ ਕਿ ਪੂਰੇ ਗੁਰੂ ਕਾਲ ਵਿੱਚ ਅਤੇ ਸਿੱਖ ਮਿਸਲਾਂ ਦੇ ਸਮੇਂ ਕਾਲ ਤਕ ਸਿੱਖ ਸਮਾਜ ਵਿੱਚ, ਪੰਥ ਖ਼ਾਲਸੇ ਵਿੱਚ ਕੋਈ ਵੀ ਸੰਤ ਵਿਅਕਤੀ ਅਤੇ ਸ਼ਖਸ਼ੀ ਸਾਧ-ਡੇਰੇਦਾਰ ਵਰਤਮਾਨ ਪਾਖੰਡੀ ਰੂਪ ਵਿੱਚ ਕਿਉਂ ਨਾ ਜਨਮਿਆ ? ਗੁਰੂ ਨਾਨਕ ਨੇਂ ਲਹਿਣਾ ਜੀ ਨੂੰ, ਮਰਦਾਨਾ ਜੀ ਨੂੰ ਬਾਬਾ ਬੁੱਢਾ ਜੀ ਨੂੰ, ਭਾਈ ਲਾਲੋ ਜੀ ਨੂੰ ਜਿੱਥੇ ਕਿ ਉਨ੍ਹਾਂ ਪਹਿਲੀ ਧਰਮਸਾਲ ਸਥਾਪਤ ਕਰ ਕੇ ਉਸ ਧਰਮਸਾਲ ਦਾ ਸੰਚਾਲਕ ਭਾਈ ਲਾਲੋ ਨੂੰ ਹੀ ਥਾਪਿਆ, ਕੌਡੇ ਰਾਖਸ਼ ਆਪਣੇ ਚਰਣੀ ਪੈਣ ਤੋਂ ਬਾਅਦ ਸਿੱਖੀ ਦਾ ਪਰਚਾਰਕ ਥਾਪ ਕੇ ਵੀ ਆਪ ਸਭ ਨੂੰ ਸਿੱਖ ਹੀ ਕਿਹਾ, 'ਸੰਤ' ਕਿਉਂ ਨਾ ਕਿਹਾ ਗਿਆ ? ਉਹ ਵਿਚਾਰੇ ਹੀ ਰਹਿ ਗਏ ਫੇਰ ਕਿਉਂਕਿ ਉਹ ਤਾਂ ਬ੍ਰਹਮ-ਗਿਆਨੀ ਵੀ ਨਾ ਅਖਵਾ ਸਕੇ ? ਕਬੀਰ ਜੀ, ਧੰਨਾਂ ਜੀ ਆਦਿ 15 ਭਗਤਾਂ ਅਤੇ 11 ਭੱਟਾਂ ਦੇ ਨਾਲ ਹੀ ਨਾਲ ਮਾਤਾ ਖੀਵੀ ਜੀ ਅਤੇ ਸੱਤੇ ਤੇ ਬਲਵੰਡ ਜੀ ਤਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਤ ਨਹੀਂ ਆਖਿਆ ਗਿਆ। ਗੁਰੂ ਸਾਹਿਬ ਨੇਂ ਆਪ ਆਪਣੇ ਜੀਵਨ ਕਾਲ ਵਿੱਚ ਇਨ੍ਹਾਂ ਨੂੰ ਨਾਹ ਤਾਂ ਬ੍ਰਹਮ-ਗਿਆਨੀ ਦੀ ਪਦਵੀ ਦਿੱਤੀ, ਨਾਹ ਹੀ ਸਾਧ ਦੀ ਪਦਵੀ ਦਿੱਤੀ ਅਤੇ ਨਾਹ ਹੀ ਸੰਤ ਦੀ ਪਦਵੀ ਧਾਰੀ ਬਣਾਇਆ । ਤਾਂ ਫਿਰ ਕੀ ਇਹ ਚਿੱਟ ਕੱਪੜੀਏ, ਗੋਲ ਪੱਗੜੀਏ, ਪਜ਼ਾਮਾ ਤਿਆਗੀਏ ਆਪਣੇ-ਆਪ ਨੂੰ ਕਿਵੇਂ ਸੰਤ ਅਖਵਾ ਸਕਦੇ ਹਨ ?
ਕੀ ਇਹ ਲੋਕ ਫਿਰ 10 ਗੁਰੂ ਸਾਹਿਬਾਨ ਤੋਂ ਵੱਡੇ ਹਨ ਜੇ ਵੱਡੇ ਹਨ । ਤਾਂ ਹੀ ਸੰਤ ਹੋ ਸਕਦੇ ਹਨ ਕਿਉਂਕਿ ਗੁਰੂ ਤਾਂ ਆਪ ਸਰੀਰ ਰੂਪ ਵਿੱਚ ਆਪਣੇ ਆਪ ਨੂੰ ਸਿੱਖ ਅਖਵਾ ਰਿਹਾ ਹੈ, ਸੰਤ ਨਹੀਂ। ਤਾਂ ਫਿਰ ਕੀ ਇਹ ਲੋਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਭਗਤਾਂ, ਭੱਟਾਂ ਤੇ ਹੋਰ ਮਹਾਂਪੁਰਖਾਂ ਤੋਂ ਵਡੇਰੇ ਹਨ ਅਤੇ ਮਹਾਨ ਹਨ ? ਤਾਂ ਆਪਣੇ-ਆਪ ਨੂੰ ਸੰਤ ਅਖਵਾਉਂਦੇ ਹਨ ਅਸੀ ਇਨ੍ਹਾਂ ਤੋਂ ਸਪਸ਼ਟੀਕਰਣ ਚਾਹੁੰਦੇ ਹਾਂ। 54 ਸਾਲ ਸਤਿਗੁਰੂ ਨਾਨਕ ਜੀ ਨਾਲ ਕੀਰਤਨ ਦੀ ਸੰਗਤ ਕਰਨ ਵਾਲੇ ਭਾਈ ਮਰਦਾਨਾ ਜੀ ਵੀ ਸੰਤ ਨਾ ਬਣ ਸਕੇ ।
ਇਹ ਪਾਖੰਡੀ 'ਸਾਧ ਲਾਣਾ' ਤਾਂ ਫਿਰ ਬਾਬਾ ਬੁੱਢਾ ਜੀ ਜਿਨ੍ਹਾਂ 6 ਗੁਰੂ ਸਾਹਿਬਾਨਾਂ ਨੂੰ ਗੁਰਗੱਦੀ ਤੇ ਬਿਠਾਇਆ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੁਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਤੋਂ ਵੀ ਮਹਾਨ ਅਤੇ ਇਨ੍ਹਾਂ ਦੇ ਵੀ ਅਕਾਲ ਰੂਪ ਗੁਰੂ ਹਨ ਤਾਂ ਹੀ ਸੰਤ ਅਖਵਾਉਂਦੇ ਹਨ ?
ਇਹ ਪੰਜ ਪਿਆਰੇ ਵੀ ਜਿਨ੍ਹਾਂ ਅੱਗੇ ਗੁਰੂ ਸਾਹਿਬ ਨੇਂ ਆਪ ਗੋਡੇ ਟੇਕ ਕੇ ਅੰਮ੍ਰਿਤਪਾਣ ਕੀਤਾ ਅਤੇ ਜਿਨ੍ਹਾਂ ਨੂੰ ਪੰਥ ਰੂਪ ਵਿੱਚ ਗੁਰੂ ਦੀ ਪਦਵੀ ਖੁਦ ਸਤਿਗੁਰੂ ਜੀ ਨੇ ਆਪ ਦਿੱਤੀ ਹੈ; ਉਹ ਪੰਜ ਪਿਆਰੇ ਵੀ ਸੰਤ ਨਾ ਬਣ ਸਕੇ ਅਤੇ ਨਾ ਹੀ ਸਿੱਖ ਕੌਮ ਵਲੋਂ ਬਣਾਏ ਤੇ ਥਾਪੇ ਗਏ । ਸਿੱਖ ਸਮਾਜ ਨੂੰ ਸੋਚਣਾ ਅਤੇ ਇਸ ਸੱਚ ਨੂੰ ਮੰਨਣਾ ਹੀ ਪੈਣਾ ਹੈ ਕਿ ਸੰਤ ਦੀ ਪਦਵੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਮਹਾਰਾਜ ਨੇ ਅਤੇ ਖੁਦ ਗੁਰੂ ਸਾਹਿਬਾਨ ਨੇ ਵੀ ਇਨ੍ਹਾਂ ਸ਼ਖਸ਼ੀਅਤਾਂ ਤਕ ਨੂੰ ਵੀ ਨਾ ਦਿੱਤੀ। ਤਾਂ ਫਿਰ ਆਪੋ-ਆਪਣੀ ਦੁਕਾਨ ਖੋਲੀ ਬੈਠੇ ਹੰਕਾਰੀ ਦੰਭੀ, ਇਹ ਚਿੱਟ ਕੱਪੜੀਏ, ਗੋਲ ਪੱਗੜੀਏ, ਬ੍ਰਾਹਮਣ ਦੇ ਥਾਪੇ ਠੱਗ ਵਿਅਕਤੀ ਸੰਤ ਕਿਵੇਂ ਹੋ ਗਏ ? ਸ੍ਰੀ ਗੁਰੂ ਗ੍ਰੰਥ ਸਾਹਿਬ ਆਖਦੇ ਹਨ ''ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਰਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥1॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲੇ੍ਰ ਸਾਰੇ ਮਾਣਸ ਖਾਵਹਿ ॥2॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥3॥"476 ਟਕਸਾਲਾਂ ਤੋਂ ਲੈ ਕੇ ਡੇਰੇਦਾਰਾਂ ਤਕ ਦੇ ਕੀ ਅਜਿਹੇ ਹੀ ਕਰਮ ਨਹੀਂ ਹਨ ?
ਇਹ 108 ਤੋਂ 1008 ਤੇ 10008 ਤਕ ਦੇ ਪਾਖੰਡਧਾਰੀ, ਡੇਰੇਦਾਰ, ਸਾਧ ਕਿਵੇਂ ਸੰਤ ਹੋ ਗਏ ? ਸਿੱਖ ਸੰਗਤੋ ! ਜ਼ਰਾ ਸੋਚੋ ! ਭਾਈ ਮਨੀ ਸਿੰਘ ਜੀ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ, ਭਾਈ ਦਇਆ ਸਿੰਘ, ਭਾਈ ਦਇਆਲਾ ਜੀ, ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਬਾਬਾ ਬੰਦਾ ਸਿੰਘ ਜੀ, ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ, ਤਾਰੂ ਸਿੰੰਘ, ਤਾਰਾ ਸਿੰਘ ਵਾਂ, ਬਾਜ਼ ਸਿੰਘ ਆਦਿ ਮਹਾਨ ਗੁਰਸਿੱਖ ਵੀ ਆਪਣੇ-ਆਪ ਨੂੰ ਸੰਤ ਨਾ ਅਖਵਾ ਸਕੇ, ਅਤੇ ਪੰਥ ਵਲੋਂ ਸੰਤ ਨਾ ਬਣਾਏ ਜਾ ਸਕੇ। ਤਾਂ ਫਿਰ ਇਹ 108 ਤੋਂ 10008 ਤਕ ਦੀ ਫੌਜ, ਹਰਲ-ਹਰਲ ਕਰਦੀ ਫਿਰਦੀ ਡੇਰੇਦਾਰ ਸਾਧਾਂ ਦੀ ਲਾਮ-ਲਸ਼ਕਰ ਵਾਲੀ ਦੰਭੀ ਫੌਜ਼ ਆਪਣੇ-ਆਪ ਨੂੰ ਸੰਤ ਕਿਵੇਂ ਬਣਾ ਰਹੀ ਹੈ ? ਕਿ ਇਹ ਇਨ੍ਹਾਂ ਸਾਰਿਆਂ ਤੋਂ ਵੱਡੀ ਹੋ ਗਈ, ਇਨ੍ਹਾਂ ਸਾਰਿਆਂ ਤੋਂ ਮਹਾਨ ਹੋ ਗਈ ? ਇਹ ਲੋਕ ਤਾਂ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤਕ ਸਭ ਗੁਰੂਸਾਹਿਬਾਨ ਦੇ ਲਈ ਵੀ ਤਾਂ ਸੰਤ ਬਣ ਗਏ ਹਨ । ਘੋਰ ਪਾਪ ! ਘੋਰ ਅਸਚਰਜ ! ਘੋਰ ਮਨਮਤਿ ! ਘੋਰ ਪਾਖੰਡ ! ਗੁਰਸਿੱਖੋ ਮਾੜਾ ਜਿਹਾ ਤਾਂ ਪੀੜ੍ਹੇ ਹੇਠਾਂ ਸੋਟਾ ਫੇਰ ਲਓ। ਜ਼ਿਆਦਾ ਨਾ ਸਹੀ ਮਾੜਾ ਜਿਹਾ ਹੀ ਗੁਰਮਤਿ ਨੂੰ ਅਪਣਾ ਲਓ ਤੇ ਕਦੇ ਇਨ੍ਹਾਂ ਪਾਖੰਡੀਆਂ ਦੀਆਂ ਕੈਦਾਂ ਤੋਂ ਮੁਕਤ ਹੋ ਕੇ ਬਤੌਰ ਸਿੱਖ ਆਪਣੀ ਆਤਮ ਪੜਚੋਲ ਕਰਕੇ ਵੇਖੋ ਕਿ ਜੇ ਉਪਰੋਕਤ ਮਹਾਨ ਹਸਤੀਆਂ ਅਤੇ ਸਿੱਖ ਧਰਮ ਦੇ ਸੰਸਥਾਪਕ ਖੁਦ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਤਕ ਸੰਤ ਨਾ ਬਣੇ, ਨਾ ਹੋਏ ਤੇ ਨਾ ਲਿਖੇ ਗਏ ਤਾਂ ਫਿਰ ਇਨ੍ਹਾਂ ਪਾਖੰਡੀਆਂ ਨੂੰ ਕਿਉਂ ਸੰਤ ਆਖੀ ਅਤੇ ਮੰਨੀ ਜਾਂਦੇ ਹੋ ?
ਭਾਈ ਸੇਵਾ ਸਿੰਘ ਦੀ ਪੁਸਤਕ 'ਸੰਤਨ ਕੌਣ ?' ਦੀ ਭੂਮਿਕਾ ਵਿੱਚ ਭਾਈ ਜੋਗਿੰਦਰ ਸਿੰਘ 'ਤਲਵਾੜਾ' ਵਾਲੇ ਲਿਖਦੇ ਹਨ "ਮੂਲ ਸਮੱਸਿਆ ਇਹ ਹੈ ਕਿ ਪਿਛਲੀ ਅੱਧੀ ਸਦੀ ਅੰਦਰ ਸਿੱਖ ਕੌਮ ਵਿੱਚ ਸੰਤਾਂ ਦੀ ਗਿਣਤੀ ਵਿੱਚ ਅੰਤਾਂ ਦਾ ਵਾਧਾ ਹੋਇਆ ਹੈ ਅਤੇ ਇਹ ਲਗਾਤਾਰ ਵੱਧ ਤੋਂ ਵਧੇਰੇ ਹੁੰਦਾ ਜਾ ਰਿਹਾ ਹੈ।..... ਕੇਵਲ ਬਾਹਰਲੇ ਪਹਿਰਾਵੇ (ਚਿੱਟੇ ਚੋਲੇ ਅਤੇ ਗੋਲ ਦਸਤਾਰੇ) ਦੇ ਆਧਾਰ 'ਤੇ ਹੀ ਸੰਤ ਹਨ ਅਤੇ ਗੁਰਬਾਣੀ ਅੰਦਰ ਸੰਤ ਪਦ ਪ੍ਰਤੀ ਪ੍ਰਗਟਾਈ ਮਹੱਤਤਾ ਅਤੇ ਪ੍ਰਤਿਸ਼ਠਾ ਦਾ ਅਯੋਗ ਲਾਭ ਉਠਾਉਣ ਲਈ ਸੰਤ ਬਣ ਬੈਠੇ ਹਨ। ਅਜਿਹੀ ਪਰਪੰਚ ਵਾਲੀ ਸੰਤ-ਤਾਈ ਦੀ ਵਰਤਮਾਨ ਪ੍ਰਥਾ, ਇੱਕ ਧੰਧਾ ਬਣਦੀ ਜਾ ਰਹੀ ਹੈ।" ਭਾਈ ਤਲਵਾੜਾ ਜੀ ਅੱਗੇ ਲਿਖਦੇ ਹਨ "ਸੋ ਵਧੇਰੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਹਰੇਕ ਅਖੌਤੀ ਸੰਤ ਨੇ ਕਿਰਤੀ ਵਿਰਤੀ ਗੁਰਸਿੱਖਾਂ ਦੀ ਖੂਨ-ਪਸੀਨੇ ਦੀ ਕਮਾਈ ਬਟੋਰ ਕੇ ਆਪੋ ਆਪਣਾ ਡੇਰਾ ਕਾਇਮ ਕਰ ਰੱਖਿਆ ਹੈ ਅਤੇ ਕਈ ਝੋਲੀ-ਝੁੱਕ ਅਤੇ ਟੁੱਕੜ-ਬੋਚ ਬਿਰਤੀ ਵਾਲੇ ਚੇਲੇ ਬਣਾ ਰੱਖੇ ਹਨ। ਇਹਨਾਂ ਡੇਰਿਆਂ ਦੀ ਆਪੋ-ਆਪਣੀ ਮਨਮਤੀ ਮਰਿਆਦਾ ਹੈ।"
"ਗੁਰਮਤ ਨਿਰਣਯ ਕੋਸ਼" ਦੇ ਲਿਖਾਰੀ ਡਾ. ਗੁਰਸ਼ਰਨ ਜੀਤ ਸਿੰਘ ਲਿਖਦੇ ਹਨ "ਮੇਰਾ ਖ਼ਿਆਲ ਹੈ ਕਿ ਇਸ ਸਮੇਂ ਪੰਥ ਸਾਧ ਮਤ ਦਾ ਸ਼ਿਕਾਰ ਹੋ ਚੁਕਾ ਹੈ।...ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਭਾਵੇਂ ਸੰਤ ਨੂੰ ਗੁਰੂ ਨਹੀਂ ਕਿਹਾ ਜਾਂਦਾ, ਪਰ ਸੰਤ ਪ੍ਰਤੀ ਜੋ ਸ਼ਰਧਾ ਪ੍ਰਗਟ ਕੀਤੀ ਜਾਂਦੀ ਹੈ, ਉਹ ਗੁਰੂ ਤੋਂ ਘਟ ਨਹੀਂ ਹੁੰਦੀ। ਇਸੇ ਤਰ੍ਹਾਂ ਸੰਤ ਭਾਵੇਂ ਖੁਦ ਨੂੰ ਗੁਰੂ ਦਾ ਦਾਸ ਹੀ ਦੱਸਣ, ਪਰ ਅਸਲੀਅਤ ਇਹ ਹੈ ਕਿ ਉਹ ਸੰਗਤ ਵਿਚ ਗੁਰੂ ਵਾਂਗ ਹੀ ਵਿਹਾਰ ਕਰਦੇ ਹਨ। ਸੰਤਾਂ ਕੋਲੋ ਅਸ਼ੀਰਵਾਦ ਲੈਣੇ, ਅਰਦਾਸ ਕਰਾਉਣੀ, ਨਾਮ ਲੈਣਾ ਆਦਿ ਆਮ ਹੀ ਪ੍ਰਚਲਿਤ ਹੈ"।
ਇਹ ਸੰਤਵਾਦ ਸਿੱਖ ਨੂੰ ਗੁਰਮਤਿ ਤੋਂ ਤੋੜ ਕੇ ਆਪਣੇ ਮਗਰ ਲਾਉਣ ਹਿੱਤ ਕੁਰਾਹੇ ਪਾਉਣ ਵਾਲੀ ਬਿਰਾਦਰੀ ਵਜੋਂ ਹੀ ਸਿੱਖ ਸਮਾਜ ਦੇ ਵਿਹੜੇ ਵਿੱਚ, ਪਹਿਲਾਂ ਅੰਗਰੇਜ ਤੇ ਫਿਰ ਬ੍ਰਾਹਮਣ ਵਲੋਂ ਬਿਠਾਇਆ ਗਿਆ ਹੈ। ਮਨੁੱਖ ਦੀ ਕਮਜੋਰੀ ਦੁੱਖ ਅਤੇ ਸੁੱਖ ਦੀ ਤਾਂਘ ਦਾ, ਉਸ ਦੀਆਂ ਇੱਛਾਵਾਂ ਦੀ ਪੂਰਤੀ ਦਾ ਸਹਾਰਾ ਲੈਂਦੇ ਹਨ । ਮੰਤਰ-ਤੰਤ੍ਰੀ ਢੰਗ ਨਾਲ ਗੁਰਬਾਣੀ ਦੀ ਗਲਤ ਵਿਆਖਿਆਂ ਅਤੇ ਇਸਤੇਮਾਲ ਨਾਲ ਇਹ ਲੋਕ ਉਸ ਕਮਜੋਰ ਮਨੁੱਖ ਜੋ ਸੁੱਖਾਂ ਅਤੇ ਪਰਾਪਤੀਆਂ ਨੂੰ ਆਪਣੀ ਕਿਰਤ-ਮਿਹਨਤ ਦੀ ਬਜਾਏ ਸੌਖੇ ਢੰਗ ਨਾਲ ਹਾਸਲ ਕਰਨਾਂ ਚਾਹੁੰਦਾਂ ਹੈ, ਨੂੰ ਵਿੱਧੀ ਵਿਧਾਨ ਉਵੇਂ ਹੀ ਦੱਸਦੇ ਹਨ ਜਿਵੇਂ ਬ੍ਰਾਹਮਣ ਦੱਸਦਾ ਹੈ। ਇਹ ਸਿੱਖ ਕੌਮ ਵਿੱਚ ਬਿਠਾਏ ਗਏ ਬ੍ਰਾਹਮਣ ਹਨ। ਇਨ੍ਹਾਂ ਵਲੋਂ ਦੱਸੇ ਜਾਂਦੇ ਵਿਧੀ ਵਿਧਾਨ ਅਤੇ ਬ੍ਰਾਹਮਣ ਦੇ ਵਿਧੀ ਵਿਧਾਨ ਵਿੱਚ ਸਿੱਖੋ ਫਰਕ ਲੱਭ ਕੇ ਦੱਸੋ। ਇਨਾਂ ਲੋਕਾਂ ਪ੍ਰਥਾਏ ਹੀ ਸ੍ਰੀ ਰਾਗ ਮਹਲਾ 1 ਵਿੱਚ ਅੰਕ 55 ਅਤੇ 56 ਤੇ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਹਨ "ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ॥ ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ॥" ਇਸ ਦਾ ਉਤਰ ਦਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਇਸੇ ਸ਼ਬਦ ਵਿੱਚ ਹੀ ਲਿਖਦੇ ਹਨ "ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ॥" "ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ॥" ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਸ੍ਰੀ ਰਾਗ ਵਿੱਚ ਹੀ ਸਵਾਲ ਕਰਦੇ ਹਨ, ਕਿਉਂਕਿ ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਸਮਝਾਉਣਾ ਹੈ "ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ॥" ਫਿਰ ਉਤਰ ਦਿੰਦੇ ਹਨ "ਸੋ ਗਿਆਨੀ ਜਿਨਿ ਸਬਦਿ ਲਿਵ ਲਾਈ॥" ਮਹਲਾ 5 ਵਿੱਚ ਮਾਝ ਰਾਗ ਵਿੱਚ ਅੱਗੇ ਫਿਰ ਪ੍ਰਸ਼ਨ ਕਰਦੇ ਹਨ "ਕਉਣੁ ਸੁ ਗਿਆਨੀ ਕਉਣੁ ਸੁ ਬਕਤਾ" ? ਫਿਰ ਉਤਰ ਵਿੱਚ ਆਪਣੇ ਗੁਰਸਿੱਖਾਂ ਨੂੰ ਸਮਝਾਉਂਦੇ ਹਨ "ਗੁਰਮੁਖਿ ਗਿਆਨੀ ਗੁਰਮੁਖਿ ਬਕਤਾ॥" ਫਿਰ ਇਹ 'ਵਿਅਕਤੀ ਸੰਤ' ਕਿਥੋਂ ਟਪਕ ਪਿਆ? ਗੁਰੂ ਸਾਹਿਬ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਸਵਾਲ ਚੁੱਕ ਕੇ ਆਪਣੇ ਗੁਰਸਿੱਖਾਂ ਦੇ ਸਾਹਮਣੇ ਰਖਦੇ ਹਨ ਅਤੇ ਫਿਰ ਖੁਦ ਉਨ੍ਹਾਂ ਦਾ ਆਪ ਹੀ ਜਵਾਬ ਵੀ ਦਿੰਦੇ ਹਨ ਤਾਂ ਜੋ ਗੁਰੂ ਕਾ ਸਿੱਖ ਕਿਸੇ ਦੇਹਧਾਰੀ ਪਾਖੰਡੀ ਦੇ ਬਹਿਕਾਵੇ ਵਿੱਚ ਆ ਕੇ ਕਿਸੇ ਨਾਸ਼ਵਾਨ ਸ਼ਰੀਰ ਨੂੰ ਸੰਤ ਮੰਨ ਕੇ ਦੇਹਿਧਾਰੀ ਸਾਧ ਨਾਲ ਨਾ ਜੁੜ ਜਾਵੇ।
ਜਿੰਨੇ ਵੀ ਜੀਵਨ ਪਦਵੀ ਮੁਕਤੀ ਅਤੇ ਸੁੱਖ ਦੁੱਖ ਦੇ ਸਬੰਧੀ ਮਨ ਵਿੱਚ ਸ਼ੰਕੇ ਸਾਡੇ ਮਨੁੱਖ ਰੂਪ ਵਿੱਚ ਹਨ ਉਨ੍ਹਾਂ ਸਾਰਿਆਂ ਦੇ ਹੀ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਆਪ ਦਿੰਦੇ ਹਨ । ਸਿੱਖ ਨੂੰ ਹੁਕਮ ਹੈ ਕਿ ਉਹ ਸ਼ਬਦ ਨੂੰ ਪੜੇ, ਮੰਨੇ ਅਤੇ ਆਪਣੇ ਜੀਵਨ ਵਿੱਚ ਉਤਾਰੇ। ਵੰਨਗੀ ਮਾਤਰ ਮੈਂ ਵਰਣਨ ਵਜੋਂ ਉਦਾਹਰਣਾਂ ਦਿੰਦਾ ਹਾਂ:-
ਪ੍ਰਸ਼ਨ :- "ਕਿਉ ਕਰਿ ਖੋਇਆ ਕਿਉ ਕਰਿ ਲਾਧਾ॥" ?
ਉੱਤਰ :- "ਮਨਮੁਖਿ ਖੁਇਆ ਗੁਰਮੁਖਿ ਲਾਧਾ॥"939
ਪ੍ਰਸ਼ਨ :- "ਜਾਤੋ ਜਾਇ ਕਹਾ ਤੇ ਆਵੈ॥ ਕਹ ਉਪਜੈ ਕਹ ਜਾਇ ਸਮਾਵੈ॥ ਕਿਉ ਬਾਧਿਓ ਕਿਉ ਮੁਕਤੀ ਪਾਵੈ॥ ਕਿਉ ਅਬਿਨਾਸੀ ਸਹਜਿ ਸਮਾਵੈ॥"
ਉੱਤਰ :- "ਸਹਜੇ ਆਵੈ ਸਹਜੇ ਜਾਇ॥ ਮਨ ਤੇ ਉਪਜੈ ਮਨ ਮਾਹਿ ਸਮਾਇ॥ ਗੁਰਮੁਖਿ ਮੁਕਤੋ ਬੰਧੁ ਨ ਪਾਇ॥ ਸਬਦ ਬੀਚਾਰਿ ਛੁਟੈ ਹਰਿ ਨਾਇ॥"152
ਪ੍ਰਸ਼ਨ :- "ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ॥"
ਉੱਤਰ :- "ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ॥"940
ਪ੍ਰਸ਼ਨ :- "ਕਵਨ ਮੂਲੁ ਕਵਣ ਮਤਿ ਵੇਲਾ॥"
ਉੱਤਰ :- "ਪਵਨ ਅਰੰਭੁ ਸਤਿਗੁਰ ਮਤਿ ਵੇਲਾ॥"942-43
ਪ੍ਰਸ਼ਨ :- "ਕਉਣੁ ਸੁ ਮੁਕਤਾ ਕਉਣ ਸੁ ਜੁਗਤਾ॥"
ਉੱਤਰ :- "ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ॥"131
ਪ੍ਰਸ਼ਨ :- "ਕਵਨ ਤਪੁ ਜਿਤੁ ਤਪੀਆ ਹੋਇ॥"187
ਉੱਤਰ :- "ਸੋ ਤਪਾ ਜਿ ਇਹੁ ਤਪੁ ਘਾਲੇ॥ ਸਤਿਗੁਰ ਨੋ ਮਿਲੈ ਸਬਦੁ ਸਮਾਲੇ॥ ਸਤਿਗੁਰ ਕੀ ਸੇਵਾ ਇਹੁ ਤਪੁ ਪਰਵਾਣੁ॥ ਨਾਨਕ ਸੋ ਤਪਾ ਦਰਗਹਿ ਪਾਵੈ ਮਾਣੁ॥"948 ਇੰਜ ਨਹੀਂ ਕਿ ਤਪ ਕਰਕੇ ਆਪਣੇ ਆਪ ਨੂੰ ਹੀ ਅਕਾਲ ਪੁਰਖ ਦੇ ਸਨਮੁੱਖ ਇੱਕ ਦਲਾਲ ਵਜੋਂ ਸੰਤ ਥਾਪ ਲਵੇ ।
ਪ੍ਰਸ਼ਨ :- "ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮਸਹਤਾ॥"
ਉੱਤਰ :- "ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ॥131
ਭਾਈ ਸਿੱਖੋ ! ਕਿਤੇ ਵੀ ਤੁਹਾਡਾ ਦੇਹਧਾਰੀ ਸਾਧ ਜਾਂ ਸੰਤ ਇੱਥੇ ਨਹੀਂ ਹੈ। ਗੁਰਸਿੱਖ ਅਤੇ ਗੁਰਮੁਖ ਹੀ ਹੈ। ਹੋਰ ਵੰਨਗੀ ਵੇਖੋ :
ਪ੍ਰਸ਼ਨ :- "ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ॥"
ਉੱਤਰ :- (ਦੁਖ ਕਿਉਂ ਹਨ ਇਸ ਦਾ ਉਤਰ ਹੈ) "ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ॥"946 ਹੁਣ ਸਵਾਲ ਉਠਦਾ ਹੈ ਫਿਰ ਅਸੀ ਦੁਖੀ ਕਿਉਂ ਹਾਂ ? ਗੁਰੂ ਗ੍ਰੰਥ ਸਾਹਿਬ ਜੀ ਖੁਦ ਪ੍ਰਸ਼ਨ ਕਰਦੇ ਹਨ ਜਿਸਦਾ ਆਪਣੇ ਗੁਰਮੁਖਿ, ਗੁਰਸਿੱਖਾਂ ਨੂੰ ਉਤਰ ਵੀ ਆਪ ਹੀ ਇੰਝ ਦਿੰਦੇ ਹਨ।
ਪ੍ਰਸ਼ਨ :-"ਕਿਉ ਤਤੁ ਨ ਬੂਝੈ ਚੋਟਾ ਖਾਇ॥" ? ਕਿਉਂਕਿ ਸਿੱਖ ਆਪ ਮੁਹਾਰੇ ਹੀ ਸਾਧ-ਸੰਤ ਰੂਪੀ ਦਲਾਲੀ ਵਾਲੀ ਪ੍ਰਣਾਲੀ ਵਿੱਚ ਆਪੇ ਹੀ ਫਸੇ ਪਏ ਹਨ ਇਸ ਲਈ,
ਉੱਤਰ :- "ਤਤੁ ਨ ਚੀਨੈ ਮਨਮੁਖੁ ਜਲ ਜਾਇ॥ ਦੁਰਮਤਿ ਵਿਛੁੜਿ ਚੋਟਾ ਖਾਇ॥"944
ਪ੍ਰਸ਼ਨ :- "ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ॥"
ਉੱਤਰ :- "ਗੁਰਮੁਖਿ ਸੁਖੀਆ ਮਨਮੁਖਿ ਦੁਖੀਆ॥"131 ਤੇ ਸਿੱਖੋ ਜੇ ਤੁਸੀਂ ਕਿਸੇ ਵਿਅਕਤੀ ਨੂੰ ਸੰਤ ਸਾਧ ਮੰਨਦੇ ਅਤੇ ਆਖਦੇ ਅਤੇ ਉਸਦੇ ਕਹਿਣੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਮਨਮੁੱਖਾਂ ਵਾਲੇ ਕਰਮ ਕਮਾ ਰਹੇ ਹੋ। ਗੁਰਮਤਿ ਨੂੰ ਧਾਰਨ ਕਰਕੇ ਹੀ ਤੁਸੀਂ ਸਤਿਗੁਰ ਨੂੰ ਪਾ ਸਕਦੇ ਹੋ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਹਨ "ਕਿਉ ਪਾਈ ਗੁਰੁ ਜਿਤੁ ਲਗਿ ਪਿਆਰਾ ਦੇਖਸਾ॥" ਇਸ ਦਾ ਉਤਰ ਦਿੰਦੇ ਹਨ "ਹਰਿ ਦਾਤੜੇ ਮੇਲਿ ਗੁਰੂ ਮੁਖਿ ਗੁਰਮੁਿਖ ਮੇਲਸਾ॥ ਗੁਰੁ ਨਾਨਕੁ ਪਾਇਆ ਮੇਰੇ ਪਿਆਰੇ ਧੁਰਿ ਮਸਤਕਿ ਲੇਖੁ ਸਾ॥"452 ਕਿਉਂਕਿ, "ਸਤਿਗੁਰ ਕੈ ਭਾਣੈ ਜੋ ਚਲੈ ਵਿਚਿ ਬੋਹਿਥ ਬੈਠਾ ਆਇ॥"40 ਹੇ ਗੁਰਸਿੱਖ ਇਸਤਰੀ ! ਤੂੰ ਸੁੱਖੀ ਕਿਵੇਂ ਹੋਵੇਂਗੀ ? ਗੁਰੂ ਸਾਹਿਬ ਆਖਦੇ ਹਨ "ਸੁਖ ਜੀਵਣੁ ਤਿਸੁ ਆਖੀਐ ਜਿਸੁ ਗੁਰਮੁਖਿ ਵਸਿਆ ਸੋਇ॥"63 "ਗੁਰਮੁਖਿ ਸੁਖੀਆ ਮਨਮੁਖਿ ਦੁਖੀਆ" 131 "ਸਹਜਿ ਸੁਖੀ ਵਰ ਕਾਮਣਿ ਪਿਆਰੀ ਜਿਸੁ ਗੁਰ ਬਚਨੀ ਮਨੁ ਮਾਨਿਆ॥"254 ਗਉੜੀ ਸੁਖਮਨੀ ਵਿੱਚ ਵੀ ਗੁਰੂ ਸਾਹਿਬ ਸਮਝਾਉਂਦੇ ਹਨ "ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੈ॥"278
ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਪੰਜਾਬੀ ਤੋਂ ਗੁਰਮੁੱਖ ਬਣਾਏ ਮਨੁੱਖ ਨੂੰ ਅਕਾਲ ਰੂਪ ਸੰਤ ਦਾ ਦਰਜਾ ਦੇਣ ਤੋਂ ਬਾਅਦ ਸਿੱਖ ਬਣਾ ਕੇ ਸਥਾਪਿਤ ਕੀਤਾ ਗਿਆ ਹੈ । ਸਿੱਖਾਂ ਨੇ ਫਿਰ ਗੁਰਮੁੱਖ ਨੂੰ ਪੰਜਾਬੀ ਬਣਾ ਛੱਡਿਆ ਹੈ। ਇਹ ਕੁਦਰਤ ਨੂੰ ਪੁੱਠਾ ਗੇੜਾ ਦੇਣ ਵਾਲੇ ਸਮਾਜ ਨੂੰ ਸਮਝਾਉਣ ਵਾਸਤੇ ਖਾਸ ਤੌਰ ਤੇ ਸਿੱਖਾਂ ਅੱਗੇ ਮੇਰੇ ਚੰਦ ਸਵਾਲ ਹਨ ਜਿਨ੍ਹਾਂ ਦਾ ਜਵਾਬ ਮੈਂ ਸਮੁੱਚੇ ਅਖੌਤੀ ਡੇਰੇਦਾਰ, ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਸਿੱਖ ਸਮਾਜ ਵਿੱਚ ਵੀ ਸਿੱਖੀ ਸਰੂਪ ਵਿੱਚ ਆ ਧਮਕੇ ਇਨ੍ਹਾਂ 'ਬਾਨਾਰਸ ਕੇ ਠੱਗਾਂ' ਤੋਂ ਵੀ ਚਾਹੁੰਦਾ ਹਾਂ, ਉਨ੍ਹਾਂ ਦੇ ਪੈਰੋਕਾਰਾਂ ਤੋਂ ਵੀ ਤੇ ਹਰ ਇੱਕ ਸਿੱਖ ਤੋਂ ਵੀ। ਸਵਾਲ ਇੰਜ ਹਨ :
1. ਸਵਾਲ :- ਸਤਿਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਤਕ 239 ਸਾਲਾਂ ਦੇ ਸਮੇਂ ਕਾਲ ਵਿੱਚ ਕਿਹੜੇ ਕਿਹੜੇ ਸੰਤ, ਉਨ੍ਹਾਂ ਦੀਆਂ ਸੰਪਰਦਾਵਾਂ ਸਿੱਖਾਂ ਵਿੱਚ ਹੋਈਆਂ; ਦੱਸੋ ?
ਉੱਤਰ - ਲੇਖਕ ਅਨੁਸਾਰ ਕੋਈ ਵੀ ਨਹੀਂ। ਸਿੱਖ ਇਤਿਹਾਸਕਾਰਾਂ ਅਤੇ ਸਿੱਖਾਂ ਦਾ ਇਤਿਹਾਸ ਲਿਖਣ ਵਾਲੇ ਬਾਕੀ ਇਤਿਹਾਸਕਾਰਾਂ ਮੁਤਾਬਿਕ 239 ਸਾਲਾਂ ਵਿੱਚ ਕੋਈ ਵੀ ਸੰਤ ਅਤੇ ਉਸ ਦਾ ਡੇਰਾ ਸਿੱਖਾਂ ਵਿੱਚ ਨਹੀਂ ਹੋਇਆ।ਜੇ ਤੁਹਾਨੂੰ  ਪਤਾ ਹੈ ਤਾਂ ਕੌਮੀ ਸੂਰਾ ਦੇ ਪਤੇ ਤੇ ਉਨ੍ਹਾਂ ਸਭਨਾਂ ਦੀ ਜਾਣਕਾਰੀ ਲਿਖ ਕੇ ਭੇਜੋ।
2. ਸਵਾਲ:- ਸਿੱਖਾਂ ਦੇ ਸੁਨਹਿਰੀ ਵਿਰਸੇ ਕਾਲ ਸਮੇਂ ਸੰਨ 1708 ਤੋਂ ਲੈ ਕੇ 1839 ਤਕ ਉਨ੍ਹਾਂ ਸ਼ਖਸ਼ੀਅਤਾਂ ਦੇ ਨਾਂ ਦਸੋ ਜਿਨ੍ਹਾਂ ਨੂੰ ਸਿੱਖਾਂ ਨੇ ਸੰਤ ਕਹਿ ਕੇ ਸੰਬੋਧਨ ਕੀਤਾ ?
ਉੱਤਰ :- ਕੋਈ ਵੀ ਨਹੀਂ। (ਜੇ ਤੁਹਾਡੇ ਕੋਲ ਕਿਸੇ ਦੀ ਜਾਣਕਾਰੀ ਹੈ ਤਾਂ ਸਾਨੂੰ ਲਿਖ ਭੇਜਣ ਦੀ ਕ੍ਰਿਪਾ ਕਰੋ।)
3. ਸਵਾਲ :- ਬਾਬਾ ਬੰਦਾ ਸਿੰਘ ਬਹਾਦਰ, ਅਤੇ ਮਿਸਲਾਂ ਦੇ ਮੁੱਖੀਆਂ ਦੇ 'ਸੰਤਾਂ' ਦੇ ਨਾਂ ਦਸੋ ? ਮਿਸਲਾਂ ਕਿਹੜੀਆਂ ਕਿਹੜੀਆਂ 'ਸੰਤ ਜਾਂ ਸੰਪਰਦਾਵਾਂ' ਨੂੰ ਮੰਨਦੀਆਂ ਸਨ ਉਨ੍ਹਾਂ 'ਸੰਪਰਦਾਵਾਂ' ਦੇ ਨਾਂ ਦਸੋ ?
ਉੱਤਰ :- ਪੂਰੇ ਸਿੱਖ ਇਤਿਹਾਸ ਨੂੰ ਵਾਚਿਆਂ ਦਾਸ ਨੂੰ ਕੋਈ ਵੀ ਨਹੀਂ ਲੱਭਾ। ਜੇ ਤੁਹਾਨੂੰ ਇਨ੍ਹਾਂ 'ਸੰਤਾਂ-ਸਾਧਾਂ' ਦੇ ਨਾਂ ਪਤਾ ਹਨ ਤਾਂ ਦਾਸ ਦੀ ਜਾਣਕਾਰੀ ਵਿੱਚ ਵਾਧਾ ਕਰਨ ਦੀ ਕ੍ਰਿਪਾ ਕਰੋ।
4 ਸਵਾਲ :- ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਤਕ ਗੁਰੂ ਸਾਹਿਬਾਨ ਨੂੰ ਗੁਰਗੱਦੀ ਤਾਂ ਬਾਬਾ ਬੁੱਢਾ ਜੀ ਨੇਂ ਦਿੱਤੀ ਪਰ ਅਖੌਤੀ ਸਾਧ-ਪ੍ਰਣਾਲੀ ਅਤੇ ਮਰਿਆਦਾ' ਮੁਤਾਬਕ 'ਨਾਮ-ਦਾਨ' ਜਿਸ ਰਾਹੀਂ ਇਹ ਲੋਕ ਹੁਣ ਸਮਾਜ ਨੂੰ ਭਰਮਾਈ ਫਿਰਦੇ ਹਨ ਉਹ ਕਿਹੜੀ ਸੰਤ ਸੰਪਰਦਾ ਦੇ ਮੁੱਖੀ ਨੇ ਦਿੱਤਾ?
ਉੱਤਰ :- ਕਿਸੇ ਦਾ ਵੀ ਪਤਾ ਨਹੀਂ ਚਲਦਾ ਅਤੇ ਕਿਸੇ ਵੀ ਗ੍ਰੰਥ ਵਿੱਚ ਇਸ ਦਾ ਕੋਈ ਵੀ ਵਰਨਣ ਨਹੀਂ ਮਿਲਦਾ। ਸੰਤ ਸਮਾਜ ਦੱਸਣ ਦੀ ਕ੍ਰਿਪਾ ਕਰੇ।
5. ਸਵਾਲ :- ਸੰਨ 1708 ਤੋਂ ਲੈ ਕੇ 1839 ਤਕ ਇਤਨੇਂ ਜ਼ਿਆਦਾ ਮਹਾਨ ਸਿੱਖ, ਸਿੰਘ, ਸ਼ਹੀਦ ਹੋਏ ਹਨ ਵੰਨਗੀ ਮਾਤਰ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ , ਭਾਈ ਮਨੀ ਸਿੰਘ ਨੂੰ, ਬਾਬਾ ਦੀਪ ਸਿੰਘ ਨੂੰ, ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ, ਭਾਈ ਤਾਰੂ ਸਿੰਘ ਜੀ, ਭਾਈ ਤਾਰਾ ਸਿੰਘ ਵਾਂ, ਭਾਈ ਬਾਜ਼ ਸਿੰਘ, ਭਾਈ ਜੱਸਾ ਸਿੰਘ ਰਾਮਗੜ੍ਹੀਆ, ਭਾਈ ਜੱਸਾ ਸਿੰਘ ਆਹਲੂਵਾਲੀਆ, ਹਰੀ ਸਿੰਘ ਨਲੂਆ, ਭਾਈ ਹੁਕਮਾ ਸਿੰਘ ਚਿਮਨਾ ਅਤੇ ਅਕਾਲੀ ਫੂਲਾ ਸਿੰਘ ਹੋਰਾਂ ਨੇ ਕਿਹੜੀ ਸੰਤ ਸੰਪਰਦਾ ਤੋਂ ਨਾਮ ਲਿਆ ?
ਉਨ੍ਹਾਂ ਸੰਤਾਂ ਦੇ ਅਤੇ ਸੰਪਰਦਾਵਾਂ ਦੇ ਨਾਂ ਲਿਖੋ ਅਤੇ ਦਸੋ ?
ਉੱਤਰ :- ਮੈਂ ਪੂਰਾ ਸਿੱਖ ਇਤਿਹਾਸ ਪੜ੍ਹਿਆ, ਜਨਮ ਸਾਖੀਆਂ ਵਾਚੀਆਂ, ਸੂਰਜ ਪ੍ਰਕਾਸ਼ ਗ੍ਰੰਥ, ਪ੍ਰਾਚੀਨ ਪੰਥ ਪ੍ਰਕਾਸ਼, ਗਿਆਨੀ ਗਿਆਨ ਸਿੰਘ ਜੀ ਦਾ ਪੰਥ ਪ੍ਰਕਾਸ਼, ਗੁਰ ਬਿਲਾਸ ਪਾਤਿਸ਼ਾਹੀ 6ਵੀਂ ਅਤੇ ਗੁਰ ਬਿਲਾਸ ਪਾਤਿਸ਼ਾਹੀ 10ਵੀਂ, ਮਹਾਨ ਕੋਸ਼ ਆਦਿ ਪੜ੍ਹਨ ਅਤੇ ਵਾਚਣ ਦੇ ਬਾਵਜੂਦ ਵੀ ਅਜਿਹੇ ਕਿਸੇ ਵੀ ਸੰਤ ਸੰਪਰਦਾ ਦਾ ਪਤਾ ਨਹੀਂ ਚਲਿਆ ਜਿਸਨੇ ਇਨ੍ਹਾਂ ਗੁਰਸਿੱਖਾਂ ਨੂੰ ਨਾਮ ਦਿੱਤਾ ਹੋਵੇ। ਨਾਨਕਸਰੀਆ ਦੀ ਸੰਪਰਦਾ, ਰਾੜਾ ਸਾਹਿਬ ਵਾਲਿਆਂ ਦੀ ਸੰਪਰਦਾ, ਸੱਤੋ ਕੀ ਗਲੀ ਵਾਲਿਆਂ ਦੀ ਸੰਪਰਦਾ, ਟਕਸਾਲ ਵਾਲਿਆਂ ਦੀਆਂ ਸੰਪਰਦਾਵਾਂ ਦਾ ਸੰਪਰਦਾਈ ਇਤਿਹਾਸ ਵਾਚਿਆ ਵੀ ਮੈਨੂੰ ਇੰਨਾਂ ਉਪਰੋਕਤ ਮਹਾਨ ਗੁਰਸਿੱਖਾਂ ਨੂੰ ਨਾਮ ਦੇਣ ਵਾਲੀ ਕੋਈ ਵੀ ਸੰਪਰਦਾ ਸਮਝ ਨਹੀਂ ਆਈ ਤੇ ਨਾ ਹੀ ਇਨ੍ਹਾਂ ਦੀਆਂ ਆਪਣੀਆਂ ਇਤਿਹਾਸਿਕ ਪੁਸਤਕਾਂ ਵਿੱਚ ਉਪਰੋਕਤ ਚੁੱਕੇ ਸਵਾਲਾਂ ਦਾ ਕੋਈ ਉੱਤਰ ਮਿਲਿਆ ਹੈ। ਇਸ ਲਈ ਇਨ੍ਹਾਂ ਤੋਂ ਦਾਸ ਦੀ ਪੁੱਛ ਹੈ ਕਿ ਇਨ੍ਹਾਂ ਉਪਰੋਕਤ ਮਹਾਨ ਗੁਰਸਿੱਖਾਂ ਨੂੰ ਨਾਮ ਜਪਾਉਣ ਵਾਲੇ 'ਸੰਤ-ਵਿਅਕਤੀਆਂ' ਦੇ ਨਾਮ ਦੱਸਣ ਦੀ ਕ੍ਰਿਪਾ ਕੀਤੀ ਜਾਵੇ।
6. ਸਵਾਲ :- 1699 ਨੂੰੰ ਖ਼ਾਲਸਾ ਸਾਜਣ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹੜੀ-ਕਿਹੜੀ 'ਸੰਤ ਸੰਪਰਦਾ ਅਤੇ ਸੰਤ ਵਿਅਕਤੀ' ਨੂੰ ਅੱਗੋਂ ਖੰਡੇ ਬਾਟੇ ਦੀ ਪਾਹੁਲ ਛਕਾਉਣ ਦਾ ਅਧਿਕਾਰ ਦਿੱਤਾ ?
ਉੱਤਰ :- ਪੰਜ ਪਿਆਰਿਆਂ ਤੋਂ ਸਿਵਾ ਕਿਸੇ ਵੀ ਦੂਜੇ ਨੂੰ ਇਹ ਅਧਿਕਾਰ ਗੁਰੂਸਾਹਿਬ ਨੇਂ ਨਹੀਂ ਦਿੱਤਾ। ਗੁਰਸਿੱਖ ਨੂੰ ਪੰਜਾ ਪਿਆਰਿਆਂ ਦੇ ਰੂਪ ਵਿੱਚ ਹੀ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਦਾ ਅਧਿਕਾਰ ਮਿਲਿਆ। ਇਨ੍ਹਾਂ ਦੇ ਨਾਮ ਵੀ ਇਤਿਹਾਸ ਵਿੱਚ ਮਿਲਦੇ ਹਨ। ਪਰ ਕਿਸੇ ਸੰਤ ਵਿਸ਼ੇਸ਼ ਦਾ ਸੰਪਰਦਾਇ ਦਾ ਇਤਿਹਾਸ ਵਿੱਚ ਕੋਈ ਵਰਣਨ ਨਹੀਂ ਮਿਲਦਾ। ਇਸ ਤੋਂ ਸਾਬਿਤ ਹੁੰਦਾ ਹੈ ਕਿ ਕਿਸੇ ਨੂੰ ਵੀ ਗੁਰੂ ਮਹਾਰਾਜ ਨੇ ਸੰਤ ਸਾਧ ਜਾਂ ਡੇਰੇ ਵਜੋਂ ਪੰਜ ਪਿਆਰਿਆਂ ਦੀ ਮੋਹਰ ਲਾ ਕੇ ਅੰਮ੍ਰਿਤ ਪਾਨ ਕਰਾਉਣ ਦਾ ਅਧਿਕਾਰ ਨਹੀਂ ਦਿੱਤਾ।
7 ਸਵਾਲ :- 1708 ਵਿੱਚ ਨਾਂਦੇੜ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਵਲੋਂ ਸ਼ਰੀਰ ਤਿਆਗਣ ਵੇਲੇ ਕਿਹੜੇ ਸੰਤ ਵਿਅਕਤੀ ਨੂੰ ਜਾਂ ਸੰਤ ਸੰਪਰਦਾ ਨੂੰ ਅਗੋਂ ਸਿੱਖਾਂ ਨੂੰ ਨਾਮ-ਦਾਨ ਦੇਣ, ਗੁਰਮੰਤਰ ਦੇਣ, ਨਾਮ ਜਪਾਉਣ, ਜਾਂ ਵਾਹਿਗੁਰੂ ਮੰਤਰ ਧਿਆਉਣ ਦਾ ਵਿਧੀ ਵਿਧਾਨ ਸਮਝਾ ਕੇ ਇਸ ਦਾ ਅਧਿਕਾਰ ਦਿੱਤਾ ? ਉਸ ਸੰਤ ਵਿਅਕਤੀ ਦਾ ਜਾਂ ਉਸ ਸੰਤ ਸੰਪਰਦਾਇ ਦਾ ਜਾਂ ਉਸ ਡੇਰੇਦਾਰ ਸਾਧ ਦਾ ਨਾਂ ਦਸੋ ?
ਉੱਤਰ :- ਕੋਈ ਵੀ ਨਹੀਂ। ਗੁਰੂ ਮਹਾਰਾਜ ਨੇ ਸ਼ਰੀਰ ਤਿਆਗਣ ਵੇਲੇ ਮੌਜੂਦ ਗੁਰਸਿੱਖਾਂ ਦੇ ਸਵਾਲਾਂ ਦੇ ਜਵਾਬ ਵਿੱਚ ਵੀ ਬੜਾ ਸਪਸ਼ਟ ਕੀਤਾ ਕਿ ਅਗੋਂ ਸਿੱਖ ਕੌਮ ਦੀ ਅਤੇ ਪੰਥ ਖ਼ਾਲਸੇ ਦੀ ਧਾਰਮਿਕ ਅਤੇ ਬਾਕੀ ਹਰ ਖੇਤਰ ਵਿੱਚ ਅਗਵਾਈ ਸ਼ਬਦ-ਗੁਰੂ ਅਤੇ ਪੰਥ-ਗੁਰੂ ਕਰੇਗਾ। ਸ਼ਰੀਰ ਪੰਥ ਵਿੱਚ ਜਾਂ ਜੁਗਤਿ ਰੂਪ ਵਿੱਚ ਪੰਥ ਗੁਰੂ ਹੋਵੇਗਾ। ਆਤਮਾ ਰੂਪ ਵਿੱਚ ਅਤੇ ਜੋਤਿ ਸਰੂਪ ਵਿੱਚ ਸ਼ਬਦ ਸਰੂਪ ਗ੍ਰੰਥ-ਗੁਰੂ ਹੋਵੇਗਾ। ਅੱਗੇ ਤੋਂ ਕੋਈ ਸ਼ਖਸ਼ੀ ਗੁਰੂ ਜਾਂ ਵਿਅਕਤੀਗਤ ਰੂਪ ਵਿੱਚ ਸਿੱਖਾਂ ਦੀ ਕੋਈ ਗੁਰਿਆਈ ਨਹੀਂ ਚਲੇਗੀ।
8. ਸਵਾਲ :- 1469 ਤੋਂ ਲੈ ਕੇ 1839 ਤਕ ਕੁੱਲ 370 ਸਾਲਾਂ ਵਿੱਚ ਸਿੱਖਾਂ ਦੇ ਵਿੱਚ ਪੈਦਾ ਹੋਏ ਸੰਤ ਵਿਅਕਤੀਆਂ ਅਤੇ ਸੰਤ ਸੰਪਰਦਾਵਾਂ ਦੇ ਨਾਂ ਦਸੋ ?
ਉੱਤਰ:- ਕੋਈ ਵੀ ਨਹੀਂ।
9. ਸਵਾਲ :- ਮੌਜੂਦਾ ਦੇਹਧਾਰੀ ਚਿੱਟ-ਕਪੜੀਏ, ਗੋਲ ਪੱਗੜੀਏ, ਪਜ਼ਾਮਾ ਤਿਆਗੀਏ ਹਜ਼ਾਰਾਂ ਹੀ ਪੈਦਾ ਹੋ ਚੁੱਕੇ ਅਖੌਤੀ ਸੰਤਾਂ ਨੂੰ ਅਤੇ ਇਨ੍ਹਾਂ ਦੇ ਡੇਰਿਆਂ ਤੇ ਸੰਪਰਦਾਵਾਂ ਨੂੰ ਕਿਹੜੇ ਕਿਹੜੇ ਗੁਰੂ ਸਾਹਿਬ ਨੇ ਸਥਾਪਿਤ ਕੀਤਾ ?
ਉੱਤਰ :- ਕਿਸੇ ਇੱਕ ਨੂੰ ਵੀ ਗੁਰੂ ਸਾਹਿਬ ਨੇ ਜਾਂ ਗੁਰਮਤਿ ਨੇ ਸਥਾਪਤ ਨਹੀਂ ਕੀਤਾ। ਇਹ ਆਪੂ ਬਣੇ ਛਲ-ਕਪਟ ਅਤੇ ਝੂਠੀ ਮਰਿਆਦਾ ਧਾਰੀ ਚੌਧਰੀ ਹਨ ।
10. ਸਵਾਲ:- ਤਾਂ ਫਿਰ ਇਨ੍ਹਾਂ ਅਖੌਤੀ ਸੰਤਾਂ ਨੂੰ ਸੰਤ ਕਿਸ ਨੇ ਬਣਾਇਆ ?
ਉੱਤਰ :- ਡਿਕਟੇਟਰਸ਼ਿਪ ਵਾਂਗ ਸੰਤ ਤਾਨਾਸ਼ਾਹੀ ਰਾਹੀਂ ਇਹ ਸਾਰੇ ਆਪੂੰ ਸੰਤ ਬਣ ਗਏ। ਜਿਨ੍ਹਾਂ ਦਾ ਕਿ ਸਿੱਖ ਧਰਮ ਵਿੱਚ, ਗੁਰਮਤਿ ਵਿੱਚ, ਗੁਰਬਾਣੀ ਵਿੱਚ; ਉਪਰੋਕਤ ਟੂਕਾਂ ਅਨੁਸਾਰ ਮੁਕੰਮਲ ਤੌਰ ਤੇ ਖੰਡਨ ਕੀਤਾ ਗਿਆ ਹੈ ਅਤੇ ਨਿੰਦਿਆਂ ਗਿਆ ਹੈ। ਇਸ ਲਈ ਇਹ ਤਾਂ ਸਿੱਖ ਵੀ ਨਹੀਂ ਹੋ ਸਕਦੇ।
11. ਸਵਾਲ:- ਗੁਰਬਾਣੀ ਅਨੁਸਾਰ ਸਿੱਖਾਂ ਦਾ ਸੰਤ ਕੌਣ ਹੈ ?
ਉੱਤਰ :-  ਸਿੱਖ ਗੁਰੂ ਗੁਰੂ ਸਿੱਖ ਹੈ ਦਾ ਸੰਕਲਪ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਸਪਸ਼ਟ ਹੁਕਮ ਫੁਰਮਾਉਂਦੇ ਹਨ 'ਅਕਾਲ ਪੁਰਖ' ਆਪ ਅਤੇ 'ਸਿੱਖ ਸੰਗਤ':ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ॥667 ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ, ਇਹੈ ਅਘਾਵਨ ਪਾਂਨ ਕਉ॥ ''ਅਕਾਲ ਮੂਰਤਿ ਹੈ'' ਸਾਧ 'ਸੰਤਨ' ਕੀ, ਠਾਹਰਨੀਕੀ ਧਿਆਨ ਕਉ॥1208
ਅਰਥਾਤ ਗੁਰਬਾਣੀ ਦਾ ਆਰੰਭ ਜੋ ਬਿਨਾ ਕਿਸੇ ਵੀ ਸਿਰਲੇਖ ਤੋਂ ਹੈ ਉਵੇਂ ਹੀ ਗੁਰਬਾਣੀ ਵਿੱਚ ਜੋ ਬਿਨਾ ਕਿਸੇ ਵੀ ਸਰੀਰ ਤੋਂ ਹੈ ਉਹੋ ਸ਼ੁਧ ਰੂਪ ਵਿੱਚ ਸੰਤ ਹੈ: ਅਹ ਅਕਾਲ ਪੁਰਖ ਆਪ ਹੈ।
"ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ ਵੇਲ ਵਧੰਦੀ ॥ ਹਰਿ ਜੁਗਹ ਜੁਗੋ ਜੁਗ ਜੁਗਹ ਜੁਗੋ ਸਦ ਪੀੜੀ ਗੁਰੂ ਚਲੰਦੀ ॥ ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਜਿਨੀ ਗੁਰਮੁਖਿ ਨਾਮੁ ਧਿਆਇਆ ॥ ਹਰਿ ਪੁਰਖੁ ਨ ਕਬ ਹੀ ਬਿਨਸੈ ਜਾਵੈ ਨਿਤ ਦੇਵੈ ਚੜੈ ਸਵਾਇਆ ॥ ਨਾਨਕ ਸੰਤ ਸੰਤ ਹਰਿ ਏਕੋ ਜਪਿ ਹਰਿ ਹਰਿ ਨਾਮੁ ਸੋਹੰਦੀ ॥ ਹਰਿ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲਿ ਧਨ ਵੇਲ ਵਧੰਦੀ ॥"79
ਸਿੱਖ ਰਾਜ ਨੂੰ ਆਪਣੇ ਨਜਾਇਜ਼ ਕਬਜ਼ੇ ਵਿਚ ਲੈਣ ਤੋਂ ਬਾਅਦ ਅੰਗਰੇਜ਼ ਨੇ ਸਿੱਖ ਬਗ਼ਾਵਤ ਨੂੰ ਦਬਾਉਣ ਹਿਤ ਸਿੱਖੀ ਵਿਚ ਜਾਤ ਵਾਦੀ ਵੰਡੀਆਂ ਖੜੀਆਂ ਕਰਨ ਅਤੇ ਗੁਰੂ ਪਦਵੀ ਦੇ ਬਰਾਬਰ ਆਪਣੇ ਸਰਕਾਰੀ ਗੁਰੂ ਸਥਾਪਿਤ ਕਰਨ ਲਈ ਹੀ ਸੱਤ ਵਾਦ ਨੂੰ ਸਿੱਖੀ ਵਿਚ ਬੀਜੀਆਂ।ਅੰਗਰੇਜ਼ ਨੇ ਸਭ ਤੋਂ ਪਹਿਲਾਂ ਸਿੱਖਾਂ ਵਿਚੋਂ 'ਜੱਟ' ਨੂੰ ਆਪਣੇ ਅਧੀਨ ਕਰਨ ਅਤੇ ਮਨੋਬਿਰਤੀ ਤੋਂ ਗੁਰੂ ਤੋਂ ਤੋੜਨ ਲਈ ਹੀ ਆਪ 'ਜੱਟ ਸੰਤ' ਪੈਦਾ ਕੀਤੇ ਅਤੇ ਸਿੱਖਾਂ ਵਿਚ ਇਹ ਵਿਚਾਰ ਦਿੱਤਾ ਕਿ ਕੋਈ ਗੁਰੂ ਜੱਟ ਕਿਉਂ ਨਹੀਂ ਸੀ ? ਭਗਤ ਧੰਨੇ ਅਤੇ ਬਾਬਾ ਬੁੱਢਾ ਜੀ ਨੂੰ ਬਤੌਰ 'ਜੱਟ' ਸਥਾਪਿਤ ਕਰ ਕੇ ਉਨ੍ਹਾਂ ਦੇ ਗੁਰਦੁਆਰੇ ਸਥਾਪਿਤ ਕਰਨ ਦਾ ਕਾਰਨ ਵੀ ਇਹੋ ਹੈ।

ਅਤਿੰਦਰ ਪਾਲ ਸਿੰਘ ਖ਼ਾਲਸਤਾਨੀ, ਸਾਬਕਾ ਐਮ.ਪੀ. 
#sikhbard 
(-ਇਹ ਲੇਖ ਮੇਰੀ ਪੁਸਤਕ "ਸਿੱਖ ਸਭਿਅਤਾ ਦੇ ਮੂਲ ਆਧਾਰ" ਜੋ ਅਕਤੂਬਰ 2013 ਵਿਚ ਪ੍ਰਕਾਸ਼ਿਤ ਹੋਈ ਸੀ; ਵਿਚੋਂ ਲਿਆ ਗਿਆ ਹੈ।)
 
Dear Sardar Ji,
Gurfateh parvan karni.

Let me apologise first for writing in English. Though very proficient in Punjabi I am very slow in typing in Punjabi.
Just read your article Sant Kaun. Let me congratulate you on an excellently researched and written article. I wish this wisdom could be spread to all Sikhs. Santdom   has left no stone unturned in trying to destroy Sikhism. We need to something to get these fake saints out of our lives. Carry on the good work  and please organise the Sikhs so that we can get rid of this rot that has tried to destroy the roots of our religion.
Guru ji's blessings for your efforts.
by:"hsingh khakh" <hsinghkhakh@gmail.com>4.5 2 | view user : 702
Posted by on  | under GeneralCOMMENTS


[ posted by Tarlok singh, 24.06.17 10:50 ]

Very much clear about SANT

reply


[ posted by Rajinder Singh , 24.06.17 19:34 ]

True

reply


[ posted by Sarbjit Singh, 12.10.17 10:06 ]

ਭਾਈ ਸਾਹਿਬ ਜੀ ਗੁਰਬਾਣੀ 'ਚ
ਸਾਧ, ਸਾਧੁ ਅਤੇ ਸਾਧੂ (ਸਾਧ-ਸੰਗਿਤ ਮਾਨਣ ਵਾਲੇ) ਸਬਦ ਹਨ ਅਤੇ ਇਹਨਾਂ ਤੋਂ ਉਪਰ ਸੰਤ (ਸਤ-ਸੰਗਿਤ ਮਾਨਣ ਵਾਲਾ)
ਨਾਉ, ਨਾਮ....ਅਵਸਥਾ ਦੇ ਮੁਤਾਬਿਕ ਹਨ।
ਇਸੇ ਤਰਾਂ ਆਪ ਜੀ ਨੁੰ ..
ਗੁਰ, ਗੁਰੁ ਅਤੇ ਗੁਰੂ ਸਵਸਥਾ ਮੁਤਾਬਿਕ ...
ਪ੍ਰਭ , ਪ੍ਰਭੁ ਅਤੇ ਪ੍ਰਭੂ ...
ਹਰਿ ਅਤੇ ਹਰਿ ਪ੍ਰਭ
ਗੋਪਾਲ , ਗੋਵਿੰਦ ਅਤੇ ਨਰਾਇਣ
ਸਿਮਰਣ, ਧਿਆਉਣਾ ਅਤੇ ਅਰਾਧਨਾ
ਮਾਹਰਾਜ ਨੇ ਬੜੀ ਅਪਾਰ ਕ੍ਰਿਪਾ ਕੀਤੀ ਅਤੇ ਗਿਆਨ ਦੇ ਹੋਰ ਬੇਅੰਤ ਭੰਡਾਰੇ ਹਨ ।

reply


your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by