Home >> ATINDER'S VIEW

ARTICLE CATEGORIES

RECENT POST

TAGS

ARCHIVE


ਸ੍ਰੀ ਮੋਹਨਚੰਦ ਕਰਮਚੰਦ ਗਾਂਧੀ ਹੱਤਿਆ ਅਤੇ ਬਾਬਰੀ ਮਸਜਿਦ ਵਿਵਾਦ ਵਿਚ ਅਚੰਭਤ ਕਰ ਦੇਣ ਵਾਲੀ ਬੜੀ ਵੱਡੀ ਸਮਾਨਤਾ ਹੈ
Share this Article

ਸ੍ਰੀ ਮੋਹਨਚੰਦ ਕਰਮਚੰਦ ਗਾਂਧੀ ਹੱਤਿਆ ਅਤੇ ਬਾਬਰੀ ਮਸਜਿਦ ਵਿਵਾਦ ਵਿਚ ਅਚੰਭਤ ਕਰ ਦੇਣ ਵਾਲੀ ਬੜੀ ਵੱਡੀ ਸਮਾਨਤਾ ਹੈ


ਸ੍ਰੀ ਮੋਹਨਚੰਦ ਕਰਮਚੰਦ ਗਾਂਧੀ ਹੱਤਿਆ ਅਤੇ ਬਾਬਰੀ ਮਸਜਿਦ ਵਿਵਾਦ ਵਿਚ ਬੜੀ ਵੱਡੀ ਸਮਾਨਤਾ ਹੈ। 
ਤੁਸੀਂ ਮੇਰੇ ਇਸ ਨਤੀਜੇ ਤੋਂ ਅਚੰਭਤ ਹੋਵੋਗੇ ਤੇ ਹੋਣਾ ਵੀ ਚਾਹੀਦਾ ਹੈ।
ਹਿੰਦੂਤਵੀ ਰਾਜਨੀਤੀ ਦੀ ਭਗਵਾਕਰਨ ਦੀ ਸਾਜ਼ਿਸ਼ ਤੋਂ ਪਰਦਾ ਚੁੱਕਿਆ ਗਿਆ

-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਪਹਿਲਾਂ ਪਿਛੋਕੜ ਸਮਝਣਾ ਬੜਾ ਜ਼ਰੂਰੀ ਹੈ ਕਿਉਂਕਿ ਅਸੀਂ ਸਰੋਤੇ ਇਸ ਸਬੰਧੀ ਕੋਈ ਵੀ ਜਾਣਕਾਰੀ ਹਾਲੇ ਤੱਕ ਨਹੀਂ ਰੱਖਦੇ ਹਾਂ।
ਮੈਂ ਗਾਂਧੀ ਦੇ ਜਨਮ ਨਾਲੋਂ ਉਸ ਦੀ ਹੱਤਿਆ ਦੇ ਕਾਰਨਾਂ ਅਤੇ ਕਾਰਕਾਂ ਵੱਲ ਚਿੰਤਨ ਕਰਨਾ ਰਾਸ਼ਟਰ ਹਿਤ ਵਿਚ ਸਮਝਦਾ ਹਾਂ। ਆਖ਼ਿਰ 30 ਜਨਵਰੀ 1948 ਦੀ ਸ਼ਾਮ 5 ਵੱਜ ਕੇ 17 ਮਿੰਟ ਤੇ ਸ੍ਰੀ ਗੋਡਸੇ ਵੱਲੋਂ ਸ੍ਰੀ ਮੋਹਨ ਚੰਦ ਕਰਮ ਚੰਦ ਗਾਂਧੀ ਨੂੰ; ਦਿੱਲੀ ਦੇ ਬਿਰਲਾ ਹਾਊਸ ਵਿਚ ਹੀ ਗੋਲੀ ਕਿਉਂ ਮਾਰੀ ਗਈ ?'ਦਿ ਹਿੰਦੂ' ਦੀ 31 ਜਨਵਰੀ ਦੀ ਛਪੀ ਰਿਪੋਰਟ ਅਨੁਸਾਰ 'ਮਰੱਠੇ 36 ਸਾਲ ਦੇ ਨੌਜਵਾਨ ਨਾਥੂਰਾਮ ਵਿਨਾਇਕ ਗੋਡਸੇ ਨੇ ਗਾਂਧੀ ਜੀ ਤੇ ਗੋਲੀ ਚਲਾਈ ਜੋ ਆਪਣੇ ਆਪ ਨੂੰ ਇੱਕ ਰੋਜ਼ਾਨਾ ਪੇਪਰ "ਹਿੰਦੂ ਰਾਸ਼ਟਰ" ਜੋ ਪੂਨਾ ਦੇ ਲਕਸ਼ਮੀ ਪੇਠ ਤੋਂ ਛਪਦਾ ਹੈ ਦਾ ਸੰਪਾਦਕ ਦੱਸਦਾ ਹੈ'। ਸਭ ਤੋਂ ਛੋਟੀ ਬੈਰੇਟਾ ਪਸਤੌਲ ਦਾ ਹੱਤਿਆ ਲਈ ਇਸਤੇਮਾਲ ਹੋਇਆ । ਇਸ ਹੱਤਿਆ ਕਾਂਡ ਲਈ ਕੁੱਲ 17 ਵਿਅਕਤੀਆਂ ਤੇ ਮੁਕੱਦਮਾਂ ਚਲਿਆ ਪਰ ਗੋਡਸੇ ਸਮੇਤ ਅੱਠ ਲੋਕਾਂ ਨੂੰ ਸਾਜ਼ਿਸ਼ ਰਚਣ ਦਾ ਆਰੋਪੀ ਬਣਾਇਆ ਗਿਆ। 
ਇਨ੍ਹਾਂ ਦਾ ਰਾਜਨੀਤਕ ਅਤੇ ਧਾਰਮਿਕ ਪਿਛੋਕੜ ਕੁੱਝ ਇੰਜ ਦਾ ਮੰਨਿਆ ਜਾਂਦਾ ਹੈ :
1. ਸ੍ਰੀ ਮੋਹਨਚੰਦ ਕਰਮਚੰਦ ਗਾਂਧੀ ਨੂੰ ਜੈ ਮਹਾਰਾਸ਼ਟਰ ਜੈ ਸ਼ਿਵਾਜੀ ਵਾਲੇ ਹਿੰਦੂ ਗੋਡਸੇ ਨੇ 30 ਜਨਵਰੀ 1948 ਨੂੰ ਗੋਲੀ ਮਾਰੀ ਸੀ। ਉਹ ਆਪ ਹਿੰਦੂ ਮਹਾਂਸਭਾ ਦੇ ਵਿਚਾਰਾਂ ਤੋਂ ਪ੍ਰੇਰਿਤ, ਅਤੇ ਸ੍ਰੀ ਗਾਂਧੀ ਦੀ ਫ਼ਿਰਕੂ ਸਦਭਾਵਨਾ ਦੇ ਖ਼ਿਲਾਫ਼ ਸੀ। ਭਿੰਨ ਭਿੰਨ ਕਿਤਾਬਾਂ ਤੋਂ ਮਿਲਦੀ ਜਾਣਕਾਰੀ ਅਨੁਸਾਰ ਇਹ ਸਰਬ ਭਾਰਤੀ ਰਾਸ਼ਟਰੀ ਕਾਂਗਰਸ ਅਤੇ ਰਾਸ਼ਟਰੀ ਸਵੰ ਸੇਵਕ ਸੰਘ ਨਾਲ ਵੀ ਜੁੜਿਆ ਰਿਹਾ ਪਰ ਬਾਅਦ ਵਿਚ ਇਹ ਸਰਬ ਭਾਰਤੀ ਹਿੰਦੂ ਮਹਾਂਸਭਾ ਵਿਚ ਚਲਾ ਗਿਆ। ਇਸ ਨੂੰ ਇਸ ਦੇ ਸਾਥੀ ਨਾਰਾਇਣ ਆਪਟੇ ਨਾਲ ਪੰਜਾਬ ਦੀ ਅੰਬਾਲਾ ਜੇਲ੍ਹ ਵਿਚ 15 ਨਵੰਬਰ 1949 ਨੂੰ ਫਾਂਸੀ ਦਿੱਤੀ ਗਈ ਸੀ। ਇਸ ਨੇ 'ਰਾਸ਼ਟਰ ਸੇਵਾ ਵਿਚ ਆਪਣੇ ਅਧਿਕਾਰ ਵਜੋਂ ਫਾਂਸੀ ਨੂੰ ਸਵੀਕਾਰ ਕੀਤਾ ਸੀ'। 
2. ਸ੍ਰੀ ਨਾਰਾਇਣ ਆਪਟੇ ਵੀ ਹਿੰਦੂ ਮਹਾਂਸਭਾ ਦਾ ਕਾਰਜਕਰਤਾ ਸੀ। ਇਸ ਨੂੰ ਨਾਥੂਰਾਮ ਨਾਲ ਫਾਂਸੀ ਦਿੱਤੀ ਗਈ ਸੀ।
3. ਸ੍ਰੀ ਗੋਪਾਲ ਗੋਡਸੇ ਹਿੰਦੂ ਮਹਾਂਸਭਾ ਦਾ ਕ੍ਰਾਂਤੀਕਾਰੀ ਮੈਂਬਰ ਸੀ। ਮੈਂ ਇਸ ਦਾ ਇੱਕ ਇੰਟਰਵਿਊ "ਕੌਮੀ ਸੂਰਾ" ਰਸਾਲੇ ਵਿਚ ਵੀ ਛਾਪਿਆ ਸੀ। ਇਸ ਨੂੰ ਆਪਣੇ ਕੀਤੇ ਕਾਰੇ ਤੇ ਕੋਈ ਅਫ਼ਸੋਸ ਨਹੀਂ ਸੀ। ਇਹ ਸ੍ਰੀ ਨਾਥੂਰਾਮ ਗੋਡਸੇ ਦਾ ਭਰਾ ਅਤੇ ਗਾਂਧੀ ਹੱਤਿਆ ਕਾਂਡ ਵਿਚ ਦੋਸ਼ੀ ਹੋਣ ਕਰ ਕੇ ਉਮਰ ਕੈਦ ਕੱਟੀ ਸੀ।
4. ਸ੍ਰੀ ਸ਼ੰਕਰ ਕਿਸਤੱਯਾ ਵੀ ਵਿੱਕੀਪੀਡੀਆ ਅਨੁਸਾਰ ਹਿੰਦੂ ਮਹਾਂਸਭਾ ਦਾ ਹੀ ਇੱਕ ਕ੍ਰਾਂਤੀਕਾਰੀ ਕਾਰਜਕਰਤਾ ਸੀ। ਇਸ ਨੇ ਉੱਪਰਲੀ ਅਦਾਲਤ ਵਿਚ ਅਪੀਲ ਕਰ ਦਿੱਤੀ ਜਿਸ ਨੇ ਇਸ ਨੂੰ ਮੁਆਫ਼ ਕਰ ਕੇ ਬਰੀ ਕਰ ਦਿੱਤਾ।
5. ਸ੍ਰੀ ਮਦਨਲਾਲ ਪਾਹਵਾ ਵੀ ਹਿੰਦੂ ਮਹਾਂਸਭਾ ਦਾ ਕਾਰਜਕਰਤਾ ਸੀ। ਇਸ ਨੂੰ ਵੀ ਉਮਰ ਕੈਦ ਹੋਈ।
6. ਸ੍ਰੀ ਦਿਗੰਬਰ ਬੜਗੇ ਵੀ ਹਿੰਦੂ ਮਹਾਂਸਭਾ ਦਾ ਸਰਗਰਮ ਕਾਰਜ ਕਰਤਾ ਸੀ। ਸਰਕਾਰੀ ਗਵਾਹ ਬਣ ਗਿਆ ਸੀ ਜਿਸ ਕਰ ਕੇ ਇਸ ਨੂੰ ਮੁਆਫ਼ੀ ਦੇ ਕੇ ਬਰੀ ਕਰ ਦਿੱਤਾ ਗਿਆ।
7. ਸ੍ਰੀ ਵਿਸ਼ਣੂ ਰਾਮਕ੍ਰਿਸ਼ਨ ਕਰਕਰੇ ਵੀ ਹਿੰਦੂ ਮਹਾਂਸਭਾ ਦਾ ਸਮਰਪਿਤ ਕਾਰਜਕਰਤਾ ਸੀ। ਇਸ ਨੂੰ ਵੀ ਉਮਰ-ਕੈਦ ਦੀ ਸਜਾ ਦਿੱਤੀ ਗਈ ਸੀ। 
8. ਸ੍ਰੀ ਵਿਨਾਯਕ ਦਾਮੋਦਰ ਸਾਵਰਕਰ ਹਿੰਦੂ ਰਾਸ਼ਟਰ ਦੀ ਵਿਚਾਰਧਾਰਾ ਦਾ ਜਨਮ ਦਾਤਾ ਮੰਨਿਆ ਜਾਂਦਾ ਹੈ। ਬਾਅਦ ਵਿਚ ਇਸ ਨੂੰ ਸਬੂਤਾਂ ਦੀ ਘਾਟ ਕਰ ਕੇ ਛੱਡ ਦਿੱਤਾ ਗਿਆ ਸੀ । 1960 ਵਿਚ ਸਰਕਾਰ ਨੇ ਇੱਕ ਹੋਰ ਸਾਜ਼ਿਸ਼ ਦਾ ਪਰਦਾ ਫ਼ਾਸ਼ ਕਰਨ ਲਈ ਕਮਿਸ਼ਨ ਬਣਾਇਆ ਸੀ ਉਸ ਕਮਿਸ਼ਨ ਨੇ ਇਸ ਨੂੰ ਦੋਸ਼ੀ ਪਾਇਆ ਸੀ। ਪਰ ਕੋਈ ਵੀ ਕਾਰਵਾਈ ਨਹੀਂ ਸੀ ਕੀਤੀ ਗਈ। ਆਰ.ਐਸ.ਐਸ. ਤੋਂ ਜਨ ਸੰਘ ਤੋਂ ਲੈ ਕੇ ਹੁਣ ਦੀ ਭਾਜਪਾ ਤੱਕ ਇਸ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹਨ। 1904 ਵਿਚ 'ਅਭੀਨਵ ਭਾਰਤ' ਵਰਗੀ ਕ੍ਰਾਂਤੀਕਾਰ ਸੰਸਥਾ ਬਣਾਈ ।  
ਇਸ ਨੂੰ ਦੋ ਉਮਰ-ਕੈਦ ਦੀਆਂ ਸਜ਼ਾਵਾਂ ਹੋਈਆਂ ਸੀ । ਇਸ ਨੇ ਕਥਿਤ ਤੋਰ ਤੇ ਅੰਗਰੇਜ਼ਾਂ ਤੋਂ ਕਾਲੇ ਪਾਣੀ ਦੀ ਸੈਲੂਲਰ ਜੇਲ੍ਹ ਵਿਚੋਂ ਮੁਆਫ਼ੀ ਮੰਗ ਕੇ 1921 ਵਿਚ; ਆਪਣੀ ਸਜਾ ਖ਼ਤਮ ਕਰਵਾ ਲਈ ਸੀ ਤੇ ਜੇਲ੍ਹ ਤੋਂ ਬਾਹਰ ਆ ਗਿਆ ਸੀ । ਸ਼ਿਵ ਸੈਨਾ ਨੇ ਇਸ ਨੂੰ ਭਾਰਤ ਰਤਨ ਦੇਣ ਦੀ ਮੰਗ ਵੀ ਕੀਤੀ ਹੈ । 1921-23 ਵਿਚ 'ਹਿੰਦੂਤਵ' ਵਿਚਾਰਧਾਰਾ ਤੇ ਕਿਤਾਬ ਲਿਖੀ ਤੇ 1925 ਵਿਚ ਆਰ.ਐਸ.ਐਸ.ਦੇ ਸੰਸਥਾਪਕ ਡਾ. ਹੈਡਗਵਾਰ ਨਾਲ ਜੁੜੇ । 1937 ਵਿਚ ਅਖਿਲ ਭਾਰਤੀ ਹਿੰਦੂ ਮਹਾਂਸਭਾ ਨੇ ਆਪਣੇ ਅਹਿਮਦਾਬਾਦ ਅਧਿਵੇਸ਼ਨ ਵਿਚ ਇਸ ਨੂੰ 19ਵਾਂ ਪ੍ਰਧਾਨ ਥਾਪ ਦਿੱਤਾ ਤੇ ਉਸ ਤੋਂ ਬਾਅਦ ਇਹ 7 ਸਾਲ ਤੱਕ ਪ੍ਰਧਾਨ ਹੀ ਰਿਹਾ। ਫਿਰ  ਵਾਲੇ  ਸਾਵਰਕਰ ਦੀ "ਸਵੈ ਇੱਛਿਤ ਮੌਤ" ਤੋਂ ਬਾਅਦ ਭਾਰਤ ਸਰਕਾਰ ਨੇ ਸੈਲੂਲਰ ਜੇਲ੍ਹ ਨਾਲ ਉਸ ਲਈ ਇੱਕ ਡਾਕ ਟਿਕਟ 1966 ਵਿਚ ਜਾਰੀ ਕੀਤਾ। ਅਤੇ ਹੁਣੇ ਹੀ ਇਸ ਦੇ ਨਾਮ ਤੇ ਸੈਲੂਲਰ ਜੇਲ੍ਹ ਵਿਚ ਸਮਾਰਕ ਵੀ ਬਣਾਇਆ ਗਿਆ ਹੈ ਤੇ ਪੋਰਟ ਬਲੇਅਰ ਹਵਾਈ ਅੱਡੇ ਦਾ ਨਾਮ ਵੀ ਇਸੇ ਦੇ ਨਾਮ ਤੇ ਰੱਖ ਦਿੱਤਾ ਗਿਆ ਹੈ। ਗਾਂਧੀ ਹੱਤਿਆ ਕਾਂਡ ਵਿਚ ਸਬੂਤਾਂ ਦੀ ਘਾਟ ਕਰ ਕੇ ਇਸ ਨੂੰ ਬਰੀ ਕਰ ਦਿੱਤਾ ਗਿਆ ਸੀ। 
ਇਹ ਉਪਰੋਕਤ ਉਹ ਵਿਅਕਤੀ ਸਨ  ਜੋ ਗਾਂਧੀ ਹੱਤਿਆ ਕਾਂਡ ਵਿਚ ਚਾਰਜਸ਼ੀਟ ਹੋਏ। ਕੁੱਝ ਅਜਿਹੇ ਵੀ ਸਨ ਜਿਹੜੇ ਫੜੇ ਤਾਂ ਗਏ ਸਨ ਅਤੇ ਇਨ੍ਹਾਂ ਸਾਰਿਆਂ ਨਾਲ ਹੀ ਕੁੱਝ ਮਹੀਨਿਆਂ ਤੋਂ ਲਗਭਗ ਸਾਲ ਤੱਕ ਤਫ਼ਤੀਸ਼ ਦੌਰਾਨ ਇਕੱਠੇ ਹੀ ਰਹੇ, ਪਰ ਚਾਰਜਸ਼ੀਟ ਨਹੀਂ ਕੀਤੇ ਗਏ। ਇਨ੍ਹਾਂ ਵਿਚੋਂ ਵਿਸ਼ੇਸ਼ ਇਸ ਲੇਖ ਕੜੀ ਦੇ ਹਿੱਸੇ ਵਜੋਂ ਹਨ ਗੋਰਖਪੁਰ ਦਾ ਮਹੰਤ ਸ੍ਰੀ ਦਿਗਵਿਜੈ ਨਾਥ ਅਤੇ ਸ੍ਰੀ ਵੀ ਜੀ ਦੇਸ਼ਪਾਂਡੇ । ਬਹੁਤ ਘੱਟ ਲੋਕ ਇਨ੍ਹਾਂ ਨੂੰ ਜਾਣਦੇ ਹਨ।
30 ਜਨਵਰੀ 1948 ਨੂੰ ਜਦੋਂ ਸ੍ਰੀ ਗਾਂਧੀ ਨੂੰ ਇਨ੍ਹਾਂ ਹਿੰਦੂ ਮਾਹਾਸਭਾਈਆਂ ਵੱਲੋਂ ਗੋਲੀ ਮਾਰੀ ਗਈ ਤਾਂ ਇਨ੍ਹਾਂ ਦਿਨਾਂ ਵਿਚ ਹੀ ਇੱਕ ਹੋਰ ਵਡੇਰੀ ਘਟਨਾ ਨੇ ਭਾਰਤ ਵਿਚ ਜਨਮ ਲਿਆ ਸੀ। ਜਿਸ ਨੂੰ ਜ਼ਿਆਦਾਤਰ ਵਿਦਵਾਨ ਭੁੱਲੀ ਬੈਠੇ ਹਨ। ਇਹ ਵੱਡੀ ਘਟਨਾ ਸੀ "ਬਾਬਰੀ ਮਸਜਿਦ ਦਾ ਹਿੰਦੂ ਵੀ ਕਰਨ ਕਰ ਦੇਣਾ"। ਇਸ ਹਿਤ ਇੱਕ ਵਡੇਰੀ ਸਾਜ਼ਿਸ਼ ਘੜੀ ਗਈ । ਜਿਸ ਨੂੰ ਸੰਪੂਰਨ ਕਰਨ ਦੀ ਜ਼ਿੰਮੇਵਾਰੀ ਕੁੱਝ ਸਰਗਰਮ ਲੋਕਾਂ ਨੇ ਚੁੱਕੀ। ਪੂਰੀ ਸਾਜ਼ਿਸ਼ ਨੂੰ ਅੰਜਾਮ ਦੇਣ ਦਾ ਦਿਨ ਇਨ੍ਹਾਂ ਉਪਰੋਕਤ ਸ੍ਰੀ ਗਾਂਧੀ ਨੂੰ ਗੋਲੀ ਮਾਰਨ ਵਾਲਿਆਂ ਨੂੰ ਜਦੋਂ ਫਾਂਸੀ ਤੇ ਟੰਗ ਦਿੱਤਾ ਜਾਣਾ ਸੀ ਉਸ ਤੋਂ ਬਾਅਦ ਦਾ ਸਮਾਂ ਨੀਅਤ ਕੀਤਾ ਗਿਆ। 15 ਨਵੰਬਰ 1949 ਨੂੰ ਜਦੋਂ ਸ੍ਰੀ ਨਾਥੂਰਾਮ ਅਤੇ ਸ੍ਰੀ ਨਾਰਾਇਣ ਆਪਟੇ ਨੂੰ ਪੰਜਾਬ ਦੀ ਅੰਬਾਲਾ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ ਤਾਂ ਬਣਾਈ ਗਈ ਸਾਜ਼ਿਸ਼ ਅਧੀਨ ਅਯੁੱਧਿਆ ਯੂ.ਪੀ. ਵਿਚ ਕੰਮ ਆਰੰਭ ਕਰ ਦਿੱਤਾ ਜਾਂਦਾ ਹੈ। 
ਪੁਸਤਕ 'ਅਯੁੱਧਿਆ ਦੀ ਡਾਰਕ ਨਾਈਟ, ਦੀ ਸਿਕ੍ਰੇਟ ਹਿਸਟਰੀ ਆਫ਼ ਰਾਮਾ ਅਪਿਏਰੇਂਸ ਇਨ ਬਾਬਰੀ ਮਸਜਿਦ" ਲੇਖਕ ਕ੍ਰਿਸ਼ਨਾ ਝਾਅ ਅਤੇ ਧਿਰੇਂਦਰ ਕੇ ਝਾਅ ਆਪਣੀ ਇਸ ਪੁਸਤਕ ਵਿਚ ਇਹੋ ਨਿਸ਼ਕਰਸ਼ ਕੱਢਦੇ ਹਨ। ਇਸ ਨੂੰ ਸੰਸਾਰ ਪ੍ਰਸਿੱਧ ਅਤੇ ਵਿਆਪੀ ਪ੍ਰਕਾਸ਼ਕ 'ਹਾਰਪਰਕੋਲਿਨਸ' ਨੇ ਛਾਪਿਆ ਹੈ ਜਿਸ ਦਾ ਆਈ.ਐਸ.ਬੀ.ਐਨ. ਨੰਬਰ 978-93-5029-146-7 ਹੈ। ਖ਼ਾਸ ਗੱਲ ਇਹ ਕਿ ਅੱਜ ਤੱਕ ਇਸ ਪੁਸਤਕ ਨੂੰ ਭਾਰਤ ਵਿਚ ਬੈਨ ਨਹੀਂ ਕੀਤਾ ਗਿਆ ਹੈ। ਪੁਸਤਕ ਦੇ ਲੇਖਕਾਂ ਦੀ 'ਇਨਵੈਸਟੀਗੇਟਿਵ' ਲਿਖਿਤ ਅਨੁਸਾਰ ਜੋ ਕੰਬਾਂ ਦੇਣ ਵਾਲੇ ਤੱਥ ਸਾਹਮਣੇ ਆਉਂਦੇ ਹਨ ਉਹ ਇੰਜ ਹਨ :
ਗੋਰਖਪੁਰ ਦਾ ਸ੍ਰੀ ਦਿਗਵਿਜੈ ਨਾਥ, 22 ਦੀ ਰਾਤ ਅਤੇ 23 ਦਸੰਬਰ ਦੇ ਚੜ੍ਹਦੇ ਹੀ ਸੰਨ 1949 ਵਿਚ ਰਾਤ ਨੂੰ ਚੋਰੀ ਛਿਪੇ ਬਾਬਰੀ ਮਸਜਿਦ ਵਿਚ ਵੜ ਕੇ ਉੱਥੇ "ਸ੍ਰੀ ਰਾਮ ਲੱਲਾ" ਦੀ ਮੂਰਤੀ ਧਰ ਆਉਂਦਾ ਹੈ। 
ਇਹੋ ਵਿਅਕਤੀ ਸਵੇਰ ਹੋਣ ਤੇ ਰੌਲਾ ਪਾਉਂਦਾ ਹੈ ਕਿ 'ਰਾਮ ਲੱਲਾ' ਪ੍ਰਗਟ ਹੋ ਗਏ ਹੈ।
ਸ੍ਰੀ ਵੀ ਜੀ ਦੇਸ਼ਪਾਂਡੇ, ਇਸ ਦਾ ਕੰਮ ਨੀਅਤ ਕੀਤਾ ਗਿਆ ਸੀ ਕਿ ਇਹ ਇਸ "ਸ੍ਰੀ ਰਾਮ" ਜੀ ਦੇ ਬਾਬਰੀ ਮਸਜਿਦ ਵਿਚ ਪ੍ਰਗਟ ਹੋਣ ਦੇ ਪੁਰੇ ਮਾਮਲੇ ਨੂੰ ਰਾਸ਼ਟਰ ਵਿਆਪੀ ਅਤੇ ਸੰਸਾਰ ਵਿਆਪੀ ਬਣਾਉਣ ਲਈ ਭਰਪੂਰ ਪ੍ਰਚਾਰ ਕਰੇ। ਇਸ ਦਾ ਕੰਮ ਸੀ ਕਿ ਜਿਹੜੀ ਮੂਰਤੀ ਬਾਬਰੀ ਮਸਜਿਦ ਵਿਚ 'ਚੋਰੀ ਛਿਪੇ ਰੱਖੀ ਗਈ ਹੈ' ਉਸ ਨੂੰ ਇਹ "ਸ੍ਰੀ ਰਾਮ ਜੀ ਪ੍ਰਗਟ ਹੋਏ" ਦੇ ਤੌਰ ਤੇ ਨੈਸ਼ਨਲ ਇਸ਼ੂ ਬਣਾਵੇ। ਇਹੋ ਉਹ ਵਿਅਕਤੀ ਹੈ ਜਿਸ ਨੇ ਰਾਮਨੌਮੀ ਦੀ ਤਿਉਹਾਰ ਦੀ ਥਾਂ ਤੇ 27 ਮਾਰਚ ਨੂੰ 1950 ਵਿਚ ਅਯੁੱਧਿਆ ਵਿਖੇ "ਰਾਮ ਜਨਮ ਭੂਮੀ ਦਿਨ" ਦੇ ਤੌਰ ਤੇ ਰਾਮਨੌਮੀ ਨੂੰ ਬਣਾਉਣ ਦੀ ਸ਼ੁਰੂਆਤ ਵੀ ਕਰਦਾ ਹੈ ਅਤੇ ਆਪ ਅਯੁੱਧਿਆ ਵਿਚ ਪਹੁੰਚਦਾ ਹੈ । 
ਤੀਜੀ ਕੜੀ ਸੀ ਇੱਕ ਬੀਬੀ, ਸ੍ਰੀਮਤੀ ਸ਼ਕੁੰਤਲਾ ਨਾਇਰ। ਇਸ ਨੂੰ ਕੰਮ ਸੌਂਪਿਆਂ ਗਿਆ ਸੀ ਕਿ ਜਿਵੇਂ ਹੀ ਮੂਰਤੀ ਪ੍ਰਗਟ ਹੋਣ ਦਾ ਰੌਲ਼ਾ ਪੈ ਜਾਂਦਾ ਹੈ ਤਾਂ ਇਸ ਨੇ ਬਾਬਰੀ ਮਸਜਿਦ ਵਿਖੇ 'ਅਖੰਡ ਕੀਰਤਨ' ਆਪਣੀ ਮੰਡਲੀ ਰਾਹੀਂ ਆਰੰਭ ਕਰ ਦੇਣਾ ਹੈ।
ਚੌਥੀ ਕੜੀ ਸੀ ਜ਼ਿਲ੍ਹੇ ਦਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ। ਇਸ ਨੇ ਕਿਸੇ ਵੀ ਹਿੰਦੂ ਸਮਾਜ ਵੱਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਰੋਕਣਾ ਨਹੀਂ ਸੀ ਅਤੇ ਦੂਜੇ ਬੰਨੇ ਮੁਸਲਿਮ ਸਮਾਜ ਦੀ ਕਿਸੇ ਵੀ ਪ੍ਰਤੀਕ੍ਰਿਆ ਤੇ ਪੂਰੀ ਨਜ਼ਰ ਰੱਖਣੀ ਸੀ।
ਪੰਜਵੀਂ ਕੜੀ ਸੀ ਸ੍ਰੀ ਗੋਪਾਲ ਸਿੰਹੁ ਵਿਸ਼ਾਰਦ। ਇਸ ਦਾ ਕੰਮ ਸੀ ਕਿ ਇਸ ਨੇ ਰਿੱਟ ਪਟੀਸ਼ਨ ਪਾ ਕੇ ਇਸ ਬਣਾਈ ਗਈ ਮਸਨੂਈ ਹਾਲਾਤ ਅਤੇ ਵਾਤਾਵਰਨ ਦਾ ਫ਼ਾਇਦਾ ਸਦੀਵੀ ਬਣਾਈ ਰੱਖਣ ਲਈ ਬਾਬਰੀ ਮਸਜਿਦ ਸਬੰਧੀ "ਸਟੇਟਸ ਕੋ" ਬਣਾਈ ਰੱਖਣ ਲਈ ਰਿੱਟ ਪਟੀਸ਼ਨ ਦਾਇਰ ਕਰਨੀ ਸੀ ਤਾਂ ਜੋ ਸਦੀਵੀ ਤੌਰ ਤੇ ਮਾਮਲੇ ਨੂੰ ਲਟਕਾ ਕੇ ਹਿੰਦੂ ਹਿਤ ਨੂੰ ਸੁਰੱਖਿਅਤ ਕਰਵਾਇਆ ਜਾ ਸਕੇ। ਤੇ ਇੰਜ ਹੀ ਕੀਤਾ ਗਿਆ ।
ਬਾਬਰੀ ਮਸਜਿਦ ਦਾ ਮਾਮਲਾ ਵੀ ਇੱਕ ਵਡੇਰੀ ਹਿੰਦੂ ਭਾਰਤ ਦੀ ਮਾਨਸਿਕਤਾ ਨੂੰ "ਹਿੰਦੂਤਵਾ" ਲਈ ਲਾਮ ਬੱਧ ਕਰਨ ਦੇ ਤਹਿਤ ਵਡੇਰੀ ਸਾਜ਼ਿਸ਼ ਅਧੀਨ ਤਿਆਰ ਕੀਤਾ ਗਿਆ। ਬਾਬਰੀ ਮਸਜਿਦ ਵਿਚ ਸ੍ਰੀ ਰਾਮ ਲੱਲਾ ਦੀ ਮੂਰਤੀ ਦੀ ਸਥਾਪਨਾ ਕਰਨ ਵਾਲੇ ਵੀ ਉਹੀ ਲੋਕ ਸਨ ਜੋ ਸ੍ਰੀ ਮੋਹਨਚੰਦ ਕਰਮਚੰਦ ਗਾਂਧੀ ਦੀ ਹੱਤਿਆ ਦੀ ਸਾਜ਼ਿਸ਼ ਵਿਚ ਫੜੇ ਗਏ ਵਿਅਕਤੀਆਂ ਵਿਚ ਹੀ ਸ਼ਾਮਲ ਸਨ।
1. ਸ੍ਰੀ ਦਿਗਵਿਜੈ ਨਾਥ, ਗੋ ਰਕਸ਼ਾ ਪੀਠ ਗੋਰਖਪੁਰ ਦਾ ਇਹ ਮਹੰਤ ਸੀ। ਯੂ ਪੀ ਦੀ ਹਿੰਦੂ ਮਹਾਂਸਭਾ ਦਾ ਇਹ ਪ੍ਰਧਾਨ ਸੀ । ਜਦੋਂ ਇਨ੍ਹਾਂ ਨੇ 22 ਦੀ ਰਾਤ ਤੇ 23 ਦਸੰਬਰ 1949 ਨੂੰ ਮੂਰਤੀ ਸਥਾਪਿਤ ਕੀਤੀ। ਇਸ 'ਪਰਾਕਰਮੀ' ਕੰਮ ਦੇ ਇਨਾਮ ਵਜੋਂ 24 ਦਸੰਬਰ 1949 ਨੂੰ ਇਸ ਨੂੰ ਹਿੰਦੂ ਮਹਾਂਸਭਾ ਦਾ ਅਖਿਲ ਭਾਰਤੀ ਜਨਰਲ ਸਕੱਤਰ ਬਣਾ ਦਿੱਤਾ ਗਿਆ। 
ਇਹ ਆਦਮੀ ਸ੍ਰੀ ਗਾਂਧੀ ਹੱਤਿਆ ਕੇਸ ਵਿਚ ਮੇਨ ਐਕਯੂਜ਼ਡ ਵਿਚ ਸੀ। (ਫੋਟੋ ਵਿਚ ਸੱਜੇ ਤੋਂ ਦੂਜੇ ਨੰਬਰ ਤੇ ਵਿਅਕਤੀ ਹੈ ਸ੍ਰੀ ਦਿਗਵਿਜੈ ਨਾਥ।)
2. ਸ੍ਰੀ ਵਿਨਾਇਕ ਦਮੋਦਰ ਸਾਵਰਕਰ, ਇਹ ਹਿੰਦੂ ਮਹਾਂਸਭਾ ਦਾ ਮੇਨ ਲੀਡਰ ਸੀ ਤੇ ਗਾਂਧੀ ਕਤਲ ਕੇਸ ਵਿਚ ਇੱਕ ਸਾਲ ਇਸ ਨੇ ਜੇਲ੍ਹ ਵੀ ਕੱਟੀ ਸੀ। ਇਸ ਬਾਰੇ ਉੱਪਰ ਪੂਰੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ।
3. ਸ੍ਰੀ ਵੀ ਜੀ ਦੇਸ਼ਪਾਂਡੇ, ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਸੀ ਹਿੰਦੂ ਮਾਹ ਸਭਾ ਦਾ। ਇਸ ਦਾ ਕੰਮ ਸੀ ਕਿ ਜਿਹੜੀ ਮੂਰਤੀ ਬਾਬਰੀ ਮਸਜਿਦ ਵਿਚ ਰੱਖੀ ਗਈ ਹੈ ਉਸ ਨੂੰ ਇਹ ਨੈਸ਼ਨਲ ਇਸ਼ੂ ਬਣਾਵੇ। ਇਹ 27 ਮਾਰਚ ਨੂੰ 1950 ਵਿਚ ਇਹ ਅਯੁੱਧਿਆ ਵਿਖੇ "ਰਾਮ ਜਨਮ ਭੂਮੀ ਦਿਨ" ਦੇ ਤੌਰ ਤੇ ਰਾਮਨੌਮੀ ਨੂੰ ਬਣਾਉਣ ਵੀ ਗਿਆ ਸੀ । ਇਹ ਵੀ ਉਪਰੋਕਤ ਦੋਹਾਂ ਨਾਲ ਸ੍ਰੀ ਗਾਂਧੀ ਦੀ ਹੱਤਿਆ ਦੀ ਸਾਜ਼ਿਸ਼ ਵਿਚ ਬਾਕੀ ਅੱਠਾਂ ਨਾਲ ਇੱਕ ਸਾਲ ਜੇਲ੍ਹ ਵਿਚ ਰਿਹਾ ਹੈ ।
4. ਸ੍ਰੀ ਗੋਪਾਲ ਸਿੰਹੁ ਵਿਸ਼ਾਰਦ ਇਹ ਫ਼ੈਜ਼ਾਬਾਦ ਹਿੰਦੂ ਮਹਾਂਸਭਾ ਦਾ ਜਨਰਲ ਸੈਕਟਰੀ ਅਤੇ ਰਾਮਾਇਣ ਮਾਹ ਸਭਾ ਦਾ ਆਲ ਇੰਡੀਆ ਦਾ ਜਵਾਇੰਟ ਸੈਕਟਰੀ ਸੀ। ਇਸ ਨੇ ਸਿਵਲ ਰਿੱਟ ਪਟੀਸ਼ਨ ਪਾਈ ਸੀ ਸਟੇਟਸ ਕੋ ਲਈ ।
5. ਸ਼ਕੁੰਤਲਾ ਨਾਇਰ, ਪਤਨੀ ਕੇ.ਕੇ.ਕੇ. ਨਾਇਰ ਜੋ ਕਿ ਉਸ ਵਕਤ ਡੀ ਸੀ ਅਤੇ ਡਿਸਟ੍ਰਿਕਟ ਮੈਜਿਸਟਰੇਟ ਸੀ। ਇਸ ਨੇ ਹਿੰਦੂਆਂ ਦਾ ਅਖੰਡ ਕੀਰਤ ਆਰੰਭ ਕਰਵਾਇਆ ।ਇਸ ਕਾਰਜ ਦੇ ਇਨਾਮ ਵਜੋਂ ਇਸ ਨੂੰ ਹਿੰਦੂ ਮਹਾਂਸਭਾ ਨੇ 1952 ਦੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਆਪਣੀ ਟਿਕਟ ਦਿੱਤੀ ਅਤੇ ਇੰਜ 1952 ਦੀ ਜਨਰਲ ਇਲੈੱਕਸ਼ਨ ਵਿਚ ਇਹ ਗੌਂਡਾ ਜ਼ਿਲ੍ਹੇ ਤੋਂ ਐਮ.ਪੀ. ਹਿੰਦੂ ਮਹਾਂਸਭਾ ਦੀ ਟਿਕਟ ਤੇ ਬਣੀ ।
ਹੁਣ ਅਗਰ ਭਾਰਤ ਦੇ ਵਰਤਮਾਨ ਰਾਜਨੀਤਕ, ਸਮਾਜਿਕ ਅਤੇ ਸੱਤਾ ਦੀ ਤਾਕਤ ਦੀ ਵਰਤੋਂ ਦੇ ਢੰਗ ਤਰੀਕਿਆਂ ਤੇ ਖ਼ੁਰਦਬੀਨੀ ਝਾਤ ਮਾਰੀਏ ਤਾਂ ਨਤੀਜੇ ਸਾਹਮਣੇ ਸਪਸ਼ਟ ਹੀ ਸਮਝ ਆਉਂਦੇ ਹਨ। ਜਿਵੇਂ ਸ੍ਰੀ ਗਾਂਧੀ ਨੂੰ ਮਾਰਨ ਦੀ ਹੱਤਿਆ ਦੀ ਵਡੇਰੀ ਸਾਜ਼ਿਸ਼ ਦੀ ਹੀ ਇੱਕ ਵੱਡੀ ਕੜੀ ਅਤੇ ਲੰਮੇ ਪ੍ਰੋਗਰਾਮ ਦਾ ਉਨ੍ਹਾਂ ਹੀ ਸਾਜ਼ਿਸ਼ ਕਰਤਾਵਾਂ ਵੱਲੋਂ ਬਣਾਇਆ ਗਿਆ ਇੱਕ ਸੰਪੂਰਨ ਪਲਾਨ ਹੈ ਬਾਬਰੀ ਮਸਜਿਦ ਦੀ ਥਾਂ ਤੇ 'ਰਾਮ ਮੰਦਿਰ' ਦੀ ਉਸਾਰੀ ਕਰਨਾ। ਜਿਹੜੀ ਰਾਜਨੀਤਕ, ਧਾਰਮਿਕ ਅਤੇ ਸੰਸਕ੍ਰਿਤਕ ਮੰਨੀਆਂ ਜਾਂਦੀਆਂ ਧਿਰਾਂ ਇਨ੍ਹਾਂ ਸਾਜਿਸ਼ਕਰਤਾਵਾਂ ਅਤੇ ਹਤਿਆਰਿਆਂ ਦੀ ਪਿੱਠ ਤੇ ਸਨ ਉਹ ਅੱਜ ਵੀ ਅਡੋਲ ਅਤੇ ਚੁੱਪ ਚਾਪ ਉਸੇ ਹੀ ਵਡੇਰੇ ਸਾਜ਼ਿਸ਼ੀ ਪ੍ਰੋਗਰਾਮ ਨੂੰ "ਹਿੰਦੂਤਵ ਭਾਰਤ" ਦੇ ਨਿਰਮਾਣ ਲਈ ਅੱਗੇ ਤੋਰ ਰਹੀਆਂ ਹਨ।
ਕਿੰਨੀ ਵੱਡੀ ਹੈਰਾਨਗੀ ਦੀ ਗੱਲ ਹੈ ਕਿ ਸ੍ਰੀ ਪੰਡਿਤ ਦੀਨ-ਦਿਆਲ, ਸਾਵਰਕਰ ਵਰਗੇ ਲੋਕਾਂ ਨੂੰ ਗਾਂਧੀ ਦੀ ਥਾਂ ਦੇਣ ਦੀ ਵਿਚਾਰਧਾਰਾ ਨੂੰ ਪ੍ਰਫੁੱਲਿਤ ਕਰਵਾਇਆ ਜਾ ਰਿਹਾ ਹੈ ਤੇ ਦੂਜੇ ਬੰਨੇ ਵਡੇਰੀ ਸਾਜ਼ਿਸ਼ ਦੇ ਪ੍ਰੋਗਰਾਮ ਨੂੰ ਸਿਰੇ ਚਾੜ੍ਹਨ ਲਈ ਸ੍ਰੀ ਦਿਗਵਿਜੈ ਨਾਥ, ਗੋ ਰਕਸ਼ਾ ਪੀਠ ਗੋਰਖਪੁਰ ਦੇ ਨਾਥ ਮਹੰਤ ਦੇ ਮੱਠਾਧੀਸ਼ ਸ੍ਰੀ ਯੋਗੀ ਅਦਿਤਿਆ ਨਾਥ ਨੂੰ ਹੀ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਜਾਂਦਾ ਹੈ। 
ਕੀ ਸਪਸ਼ਟ ਅਤੇ ਸਿੱਧੇ ਸੰਕੇਤ ਦੇਣ ਦੀ ਬਜਾਏ "ਹਿੰਦੂਤਵਾ ਸਰਜੀਕਲ ਸਟ੍ਰਾਈਕ" ਦਾ ਭਾਰਤ ਉੱਪਰ ਹਮਲਾ ਨਹੀਂ ਹੋ ਚੁਕਾ ਹੈ ?
ਭਾਰਤ ਅੰਦਰ ਹਿੰਦੂਤਵ ਵਿਚਾਰਧਾਰਾ ਦਾ ਸਭ ਤੋਂ ਵੱਡਾ ਫਾਇਨੈਂਸਰ ਘਰਾਨਾ ਸ੍ਰੀ ਮੋਹਨ ਚੰਦ ਕਰਮ ਚੰਦ ਗਾਂਧੀ ਨਾਲ ਜੁੜ ਚੁਕਾ ਸੀ। ਸੁਤੰਤਰਤਾ ਤੋਂ ਬਾਅਦ ਇਹ ਖ਼ਤਰਾ ਬਹੁਤ ਵੱਡਾ ਪੈਦਾ ਹੋ ਚੁਕਾ ਸੀ ਕਿ "ਹਿੰਦੂਤਵਾ ਵਿਚਾਰਧਾਰਾ ਦੀ ਮਾਇਕ ਮਦਦ" ਕਿਵੇਂ ਅਤੇ ਕਿੱਥੋਂ ਜਾਰੀ ਰਖਵਾਈ ਜਾਵੇ। ਇਸ ਵਿਚਾਰਧਾਰਾ ਦੇ ਸਭ ਤੋਂ ਵੱਡੇ ਫਾਇਨੈਂਸਰ ਨੂੰ ਮੁੜ ਆਪਣੇ ਨਾਲ ਜੋੜਨ ਵਾਸਤੇ ਵੀ ਕਦੇ ਸ੍ਰੀ ਗਾਂਧੀ ਨੂੰ ਨਿਸ਼ਾਨਾਂ ਬਣਾ ਕੇ ਤਾਂ ਨਹੀਂ ਵਰਤਿਆ ਗਿਆ ? ਭਾਰਤ ਅੰਦਰ ਇਸ ਪੱਖੋਂ ਵੀ ਨਿਰਪੱਖ ਅਤੇ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ। ਸਮਕਾਲੀ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਵੱਲੋਂ ਅਪਣਾਈ ਗਈ ਪ੍ਰਸ਼ਾਸਨਿਕ ਪ੍ਰਕਿਰਿਆ ਵੀ ਕਈ ਸਵਾਲ ਪੈਦਾ ਕਰ ਚੁੱਕੀ ਹੈ ਜਿਨ੍ਹਾਂ ਦੇ ਜਵਾਬ ਲੱਭਣੇ; ਭਾਰਤ ਅੰਦਰ ਘੱਟ ਗਿਣਤੀਆਂ ਦੇ ਭਵਿੱਖ ਦੀ ਸੁਤੰਤਰਤਾ ਅਤੇ ਸੁਰੱਖਿਆ ਲਈ ਬਹੁਤ ਜ਼ਰੂਰੀ ਹਨ।4 1 | view user : 470
Posted by on  | under General

your name*comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 
Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by