Home >> SIRJANA
ARTICLE CATEGORIES

RECENT POST

TAGS

ARCHIVE


ਮੇਰੀ ਜ਼ਿੰਦਗੀ ਵਿਚ ਤਿੰਨ ਜੂਨ ਅਤੇ ਜੂਨ ਚੁਰਾਸੀ
Share this Article

ਮੇਰੀ ਜ਼ਿੰਦਗੀ ਵਿਚ ਤਿੰਨ ਜੂਨ ਅਤੇ ਜੂਨ ਚੁਰਾਸੀ

ਮੇਰੀ ਜ਼ਿੰਦਗੀ ਵਿਚ ਤਿੰਨ ਜੂਨ
ਅੱਜ ਮੇਰੀ ਅਤੇ ਕਮਲਜੀਤ ਕੌਰ ਦੀ ਅਨੰਦ ਕਾਰਜ ਦੀ ਤਰੀਕ ਹੈ; 3 ਜੂਨ 1988 ।  ਗੁਰਦੁਆਰਾ ਗੁਰੂ ਕਾ ਲਾਹੌਰ, ਜਿੱਥੇ ਸਾਡੇ ਖ਼ਾਲਸਾ ਪੰਥ ਦੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਅਨੰਦ ਕਾਰਜ ਹੋਇਆ ਸੀ। 
ਮੇਰੇ ਸਿਰ ਦਾ ਇਨਾਮ ਜਿਊਂਦਾ ਜਾਂ ਮੁਰਦਾ 55 ਲੱਖ ਰੁਪਏ ਭਾਰਤ ਸਰਕਾਰ ਨੇ ਨੀਅਤ ਕੀਤਾ ਹੋਇਆ ਸੀ। ਸ੍ਰੀ ਅਨੰਤ ਰਾਮ ਡੀ.ਜੀ.ਪੀ. ਦੀ ਅਗਵਾਈ ਵਿਚ 7 ਆਈ ਪੀ ਐਸ ਅਤੇ ਉਨ੍ਹਾਂ ਦੇ ਅਧੀਨ 14 ਡੀ ਐਸ ਪੀ   ਸਿਰਫ਼ ਮੈਨੂੰ ਫੜਨ ਲਈ ਭਾਰਤ ਸਰਕਾਰ ਨੇ ਨੀਅਤ ਕੀਤੇ ਸਨ। ਇਨ੍ਹਾਂ ਦੇ ਅਧੀਨ ਹੇਠਲਾ ਸਟਾਫ਼।
ਕੁੱਝ ਮਹੀਨੇ ਪਹਿਲਾਂ ਹੀ ਭਾਰਤ ਦੀ ਸੰਸਦ ਵਿਚ ਚੁੱਕੇ ਗਏ ਸਵਾਲ ਦੇ ਜਵਾਬ ਵਿਚ ਸ੍ਰੀ ਬੂਟਾ ਸਿੰਘ ਗ੍ਰਹਿ ਮੰਤਰੀ ਭਾਰਤ ਸਰਕਾਰ ਨੇ ਦੱਸਿਆ ਸੀ ਕਿ ਹੁਣ ਤੱਕ ਸਿਟ ਟੀਮ ਤੇ 5 ਕਰੋੜ ਤੋਂ ਵੱਧ ਖ਼ਰਚ ਹੋ ਚੁਕਾ ਹੈ ਅਤੇ ਇਸ 'ਸਿਟ' ਟੀਮ ਦਾ ਗਠਨ ਜਿਸ ਮਕਸਦ ਲਈ ਕੀਤਾ ਗਿਆ ਹੈ; ਉਹ ਮਕਸਦ ਜਦ ਤਕ ਪੂਰਾ ਨਹੀਂ ਹੋ ਜਾਂਦਾ ਓਦੋਂ ਤੱਕ ਇਹ ਕੰਮ ਕਰਦੀ ਰਹੇਗੀ।
ਅਜਿਹੇ ਹਾਲਾਤ ਵਿਚ ਜਦੋਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਕਿਤਨੇ ਪਲ ਹਨ ਦਾ ਕੁੱਝ ਵੀ ਅੰਦਾਜ਼ਾ ਨ੍ਹਾ ਹੋਵੇ ਤੇ ਤੁਹਾਡੇ ਨਾਲ ਕੋਈ ਅਨੰਦ ਕਾਰਜ ਕਰਨਾ ਚਾਹੇ ? ਇਹ ਅਸਚਰਜ ਤੋਂ ਵੀ ਪਰ੍ਹੇ ਦੀ ਨਾਮੁਮਕਨ ਤੋਂ ਵੀ ਉੱਪਰਲੀ ਗੱਲ ਲੱਗਦੀ ਹੈ।
ਜਦੋਂ ਰਸੂਲਪੁਰ ਪਿੰਡ ਦੇ ਜੋਗਾ ਸਿੰਘ ਨੇ ਜਥੇਬੰਦੀ ਦੇ ਆਦੇਸ਼ ਨਾਲ ਮੇਰੇ ਲਈ ਰਿਸ਼ਤਾ ਲੈ ਆਂਹਦਾ ਤਾਂ ਮੈਨ ਹੈਰਾਨ ਅਤੇ ਪਰੇਸ਼ਾਨ ਜ਼ਿਆਦਾ ਹੋ ਗਿਆ। ਮੈਨੂੰ ਰੱਤੀ ਭਰ ਵੀ ਵਿਸ਼ਵਾਸ ਨਹੀਂ ਸੀ ਕਿ ਕੋਈ ਮਾਂ-ਬਾਪ ਆਪਣੀ ਧੀ ਦਾ ਅਜਿਹੇ ਵਿਅਕਤੀ ਨਾਲ ਅਨੰਦ ਕਾਰਜ ਕਰਵਾਉਣਾ ਚਾਹੁਣਗੇ। ਇਸ ਤੋਂ ਵੀ ਵੱਧ ਮੈਨੂੰ ਇਸ ਗੱਲ ਦਾ ਸੱਚ ਜਾਣਨ ਦੀ ਉਤਸੁਕਤਾ ਪੈਦਾ ਹੋ ਗਈ ਕਿ ਵਾਕੇ ਹੀ ਕੋਈ ਲੜਕੀ ਅਜਿਹੇ ਲੜਕੇ ਨਾਲ ਅਨੰਦ ਕਾਰਜ ਕਰਨਾ ਚਾਹੁੰਦੀ ਹੈ ਜਿਸ ਦੀ ਜ਼ਿੰਦਗੀ ਦੇ ਸਵਾਸਾਂ ਦਾ ਕੋਈ ਵੀ ਭਰੋਸਾ ਨਹੀਂ ਹੈ । 
ਮੈਂ ਜੋਗੇ ਨੂੰ ਕਿਹਾ ਕਿ ਪਹਿਲਾਂ ਮੈਂ ਲੜਕੀ ਦੇ ਮਾਂ-ਬਾਪ ਨਾਲ ਤੇ ਉਸ ਤੋਂ ਬਾਅਦ ਜੇ ਲੋੜ ਹੋਈ ਤਾਂ ਲੜਕੀ ਨਾਲ ਮਿਲਣਾ ਚਾਹੁੰਦਾ ਹਾਂ। ਉਹ ਵੀ ਝੱਟ ਪੱਟ ਰਾਜ਼ੀ ਹੋ ਗਿਆ ਤੇ ਕਹਿੰਦਾ ਕੱਲ੍ਹ ਹੀ ਚੱਲੋ ......। 
20 ਅਪ੍ਰੈਲ 1988
ਮਾਂ-ਬਾਪ ਨੇ ਬੜੇ ਫ਼ਖਰ ਨਾਲ ਹਾਮੀ ਭਰੀ। ਮੈਂ ਕਿਹਾ ਮੈਂ ਤੁਹਾਡੀ ਬੇਟੀ ਨਾਲ ਗੱਲ ਕਰਨਾ ਚਾਹੁੰਦਾ ਹਾਂ ਤੇ ਉਹ ਕਮਰੇ ਤੋਂ ਬਾਹਰ ਚਲੇ ਗਏ। ਮੈਂ ਇਸ ਪੰਥ ਦੀ ਮਹਾਨ ਧੀ ਨੂੰ ਪੁੱਛਿਆ ਕਿ 
1. ਹੋ ਸਕਦਾ ਹੈ ਕਿ ਅਨੰਦ-ਕਾਰਜ ਹੁੰਦੇ ਹੋਏ ਹੀ ਮੈਨੂੰ ਗੋਲੀ ਵੱਜ ਜਾਏ ਜਾਂ ਮੈਂ ਫੜਿਆ ਜਾਵਾਂ ਫੇਰ ਤੂੰ ਕੀ ਕਰੇਂਗੀ ?
ਉੱਤਰ ਵਿਚ ਚਮਕਦੀਆਂ ਅੱਖਾਂ ਨਾਲ ਉਸ ਨੇ ਕਿਹਾ ਕਿ ਮੈਂ ਫ਼ਖ਼ਰ ਕਰਾਂਗੀ ਕਿ ਮੇਰਾ ਪਤੀ ਇੰਜ ਸ਼ਹੀਦੀ ਪਾ ਗਿਆ। ਇਸ ਵੇਲੇ ਦੀਆਂ ਉਸ ਦੀਆਂ ਅੱਖਾਂ ਦੀ ਚਮਕ ਮੈਨੂੰ ਅੱਜ ਹੁਣ ਵੀ ਓਵੇਂ ਹੀ ਯਾਦ ਹੈ ।
2. ਮੇਰਾ ਦੂਸਰਾ ਸਵਾਲ ਸੀ ਕਿ ਆਪਣੇ ਬੱਚਿਆਂ ਨੂੰ ਸ਼ਹੀਦ ਕਰਵਾ ਲਵੇਂਗੀ ?
ਉਸ ਨੇ ਉੱਤਰ ਦਿੱਤਾ ਅਰਦਾਸ ਕਰਾਂਗੀ ਕਿ ਜਿਵੇਂ ਮਹਾਨ ਮਾਤਾਵਾਂ ਨੇ ਆਪਣੀ ਝੋਲੀ ਵਿਚ ਆਪਣੇ ਬਾਲ ਟੋਟੇ ਟੋਟੇ ਕਰਵਾ ਕੇ ਪਵਾਏ; ਅਕਾਲ ਪੁਰਖ ਮੈਨੂੰ ਵੀ ਉਹੀ ਸ਼ਕਤੀ ਬਖ਼ਸ਼ਣ।
3. ਮੈਂ ਕਮਲਜੀਤ ਕੌਰ ਨੂੰ ਕਿਹਾ ਕਿ ਕਹਿਣਾ ਤੇ ਨਿਭਾਉਣਾ ਬਹੁਤ ਔਖਾ ਹੁੰਦਾ ਹੈ। ਸਭ ਕੌਮ ਅੱਗੇ ਜ਼ਿੰਦਗੀ ਜਿਊਣ ਲਈ ਕਟੋਰਾ ਅੱਡ ਬਹਿ ਜਾਂਦੇ ਹਨ। ਕਿ ਤੂੰ ਬਿਨਾ ਕਿਸੇ ਅੱਗੇ ਹੱਥ ਪਸਾਰੇ ਗੁਜ਼ਾਰਾਂ ਕਰ ਲਏਂਗੀ ?
ਉੱਤਰ ਸੀ ਕਰ ਕੇ ਵਿਖਾਵਾਂਗੀ ਤੇ ਤੁਹਾਡੇ ਨਾਮ ਤੇ ਕਦੇ ਦਾਗ਼ ਨਹੀਂ ਲੱਗਣ ਦਿਆਂਗੀ।
ਮੈਂ ਨਿਰ ਉੱਤਰ ਹੋ ਗਿਆ।
ਸਵੇਰੇ ਅੰਮ੍ਰਿਤ ਵੇਲੇ ਸਾਡਾ ਅਨੰਦ ਕਾਰਜ, ਗੁਰੂ ਕੇ ਲਾਹੌਰ ਹੋ ਗਿਆ।ਪੰਜ ਸਿੰਘ ਅਸੀਂ ਤੇ ਪੰਜ ਉਹ। ਕੋਈ ਰਾਗੀ ਨਹੀਂ, ਕੋਈ ਢਾਡੀ ਨਹੀਂ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸਿੰਘ ਨੇ ਲਾਵਾਂ ਪੜ੍ਹੀਆਂ। ਅਸੀਂ ਖੜ੍ਹਾ ਹੋ ਕੇ ਸੁਣੀਆਂ । ਉਪਰੰਤ ਮੌਜੂਦ ਸੰਗਤ ਨਾਲ ਆਪੇ ਹੀ ਗਾਇਣ ਕਰਦੇ ਹੋਏ ਸਤਿਗੁਰੂ ਦੀ ਪਰਿਕਰਮਾ ਕੀਤੀ। ਅਰਦਾਸ ਉਪਰੰਤ ਲੰਗਰ ਵਿਚ ਪਰਸ਼ਾਦਾ ਛਕਿਆ ਤੇ ਆਪੋ ਆਪਣੇ ਘਰਾਂ ਨੂੰ ਤੁਰ ਪਏ......
ਕਮਲਜੀਤ ਕੌਰ ਨੇ ਜੋ ਕਿਹਾ ਉਹ ਕਰ ਦਿਖਾਇਆ। ਮੇਰੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਚੰਦ ਦਿਨਾਂ ਬਾਅਦ ਜਿਸ ਟੱਬਰ ਪਾਸ ਉਹ ਰਹਿ ਰਹੀ ਸੀ ਉਸੇ ਨੇ ਉਸ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਉਸ ਨੂੰ ਖਰੜ ਦੇ ਪੁਲਸੀਏ ਆਕਾਸ਼ ਚੰਦ ਸ਼ਰਮਾ ਨੇ ਅਤਿ ਦੇ ਤਸੀਹੇ ਦਿੱਤੇ। ਮੇਰੀ ਵੱਡੀ ਬੇਟੀ ਗੁਰਾਂਜਲ ਕੌਰ ਓਦੋਂ ਹੋਣ ਵਾਲੀ ਸੀ। ਉਸ ਨੇ ਹੁਕਮ ਸੁਣਾਇਆ ਕਿ ਜੇ ਇਹ ਕੁੱਝ ਨਹੀਂ ਦੱਸਦੀ ਤਾਂ ਇਸ ਦੀ ਪਤੀ ਦੀ ਨਿਸ਼ਾਨੀ ਸਪੋਲੀਏ ਨੂੰ ਮਾਰ ਦਿਓ। ਇਸ ਦਾ ਉਸ ਅਵਸਥਾ ਵਿਚ ਜਵਾਬ ਸੀ ਕਿ "ਮੈਨੂੰ ਖ਼ੁਸ਼ੀ ਹੁੰਦੀ ਕਿ ਜੇ ਮੇਰਾ ਬੱਚਾ ਜੰਮਦਾ ਤੇ ਤੇਰੇ ਜਿਹੇ ਦੋ ਚਾਰਾ ਨੂੰ ਮਾਰ ਕੇ ਸ਼ਹੀਦ ਹੁੰਦਾ......
ਸਤਿਗੁਰੂ ਨੇ ਅਪਾਰ ਬਖ਼ਸ਼ੀਸ਼ ਕੀਤੀ ਕਿ ਮੇਰੀ ਔਲਾਦ "ਗੁਰਾਂਜਲ ਕੌਰ" ਮਾਂ ਦੇ ਪੇਟ ਤੋਂ ਹੀ ਅਕਹਿ ਦੇ ਤਸੀਹੇ ਝੱਲਦੀ ਹੋਈ ਬਹੁਤ ਸੁਘੜ ਅਤੇ ਸਿਆਣੀ ਪੈਦਾ ਹੋਈ। ਇਹ ਅਕਾਲ ਪੁਰਖ ਦੀ ਹੀ ਬਖਸ਼ਿਸ਼ ਹੈ।
ਮੇਰੀ ਦਿੱਲੀ ਤਿਹਾੜ ਜੇਲ੍ਹ ਦੇ ਫਾਂਸੀ ਅਹਾਤੇ ਦੀਆਂ ਕਾਲ ਕੋਠੜੀਆਂ ਵਿਚ ਪੂਰੀ ਕੈਦ ਕੱਟਣ ਦੌਰਾਨ ਇਹ ਗੁਰਦੁਆਰਾ ਸੀਸ ਗੰਜ ਦੇ ਉਸੇ ਕਮਰੇ ਵਿਚ ਰਹੀ ਜਿੱਥੇ ਸ਼ਹੀਦ ਸਤਵੰਤ ਅਤੇ ਬੇਅੰਤ ਸਿੰਘ ਦੇ ਪਰਿਵਾਰਕ ਮੈਂਬਰ ਰਹਿੰਦੇ ਸਨ। ਪਰ ਇਸ ਨੇ ਕਿਸੇ ਨੂੰ ਕੋਈ ਵੀ ਸਹਾਇਤਾ ਦੀ ਪੁਕਾਰ ਨਹੀਂ ਪਾਈ ਤੇ ਨ੍ਹਾ ਹੀ ਕਿਸੇ ਤੋਂ ਵੀ ਕੋਈ ਸਹਾਇਤਾ ਲਈ। ਬੱਚੀ ਨੂੰ ਪਿਆਉਣ ਲਈ ਦੁੱਧ ਜੋਗੇ 2 ਰੁਪਏ ਵੀ ਇਸ ਪਾਸ ਨਹੀਂ ਸੀ ਹੁੰਦੇ......ਇਸ ਨੇ ਉਹ ਸਾਰਾ ਸਮਾਂ ਖਿੜੇ ਮੱਥੇ ਪੰਥ ਦੀ ਝੋਲੀ ਵਿਚ ਪਾ ਕੇ ਆਪਣਾ ਫ਼ਰਜ਼ ਅਦਾ ਕੀਤਾ ।
ਅੱਜ ਮੈਨ ਰਤਲਾਮ ਵਿਖੇ ਗੁਰਮਤਿ ਸਿੱਖਿਆ ਕੈਂਪ ਵਿਚ ਹਾਂ । ਤੇ ਪਹਿਲੀ ਵਾਰੀ ਅਸੀਂ 3 ਜੂਨ ਨੂੰ ਇਕੱਠੇ ਨਹੀਂ ਹਾਂ। ਇਸ ਦਾ ਮੈਨੂੰ ਇਹ ਹੇਠ ਲਿਖਿਆ ਸੁਨੇਹਾ ਲਿਖਤ ਵਿਚ ਮੈਸੇਂਜਰ ਤੇ ਪੁੱਜਾ ਹੈ; ਜਿਸ ਨੇ ਮੈਨੂੰ ਇਹ ਸਭ ਲਿਖਣ ਤੇ ਮਜਬੂਰ ਕਰ ਦਿੱਤਾ ਹੈ। ਮੈਨੂੰ ਆਪਣੀ ਪਤਨੀ ਤੇ ਫ਼ਖ਼ਰ ਹੈ ਕਿ ਉਸ ਨੇ ਮੈਨੂੰ ਮੇਰੀ ਕੌਮ ਦੀ ਸੇਵਾ ਕਰਨ ਲਈ ਹਮੇਸ਼ਾ ਸ਼੍ਰੋਮਣੀ ਪਹਿਲ ਦੇ ਕੇ ਤੋਰਿਆ ਹੈ:
"3 ਜੂਨ ਆਹ!
ਸਾਡੀ ਅਨੰਦ ਕਾਰਜ ਦੀ ਸਾਲਗਿਰਾਹ, ਪਰ ਅਸੀਂ ਇੱਕ ਦੂਜੇ ਤੋਂ ਦੂਰ। ਤੁਸੀਂ ਰਤਲਾਮ ਤੇ ਮੈਂ ਪਟਿਆਲੇ'ਜਪੁ-ਘਰ' ਵਿਚ ਇਕੱਲੀ। ਮੈਂ ਉਦਾਸ ਵੀ ਹਾਂ ਤੇ ਦਿਲ ਵਿਚ ਟੀਸ ਵੀ ਹੈ ਪਰ ਫਿਰ ਵੀ ਇੱਕ ਤਸੱਲੀ ਹੈ ਕਿ ਜੋ ਸਾਡੀ ਜ਼ਿੰਦਗੀ ਦਾ ਮਕਸਦ ਹੈ; ਜਿਸ ਲਈ ਅਸੀਂ ਜੀਅ ਰਹੇ ਹਾਂ ਅਤੇ ਜਿਸ ਲਈ ਅਸੀਂ ਅਨੰਦ ਕਾਰਜ ਕੀਤਾ। ਅੱਜ ਤੁਸੀਂ ਉਸੇ ਤਹਿਤ ਰਤਲਾਮ ਵਿਚ ਹੋ; ਸਾਡੀ ਕੌਮ ਦੀ ਅਗਲੀ ਨਸਲ ਨੂੰ ਸੰਭਾਲਣ ਦੇ ਲਈ- ਗੁਰਮਤਿ ਸਿਖਲਾਈ ਕੈਂਪ ਵਿਚ।
ਇਨ੍ਹਾਂ ਬੱਚਿਆਂ ਵਿਚੋਂ ਜਿੰਨੇ ਬੱਚੇ ਵੀ ਸਿੱਖੀ ਦੇ ਪਰਿਵਾਰ ਵਿਚ ਸਿੱਖੀ ਸਿਧਾਂਤਾਂ, ਸਿਦਕ ਤੇ ਗੁਰਮਤਿ ਦੀ ਰਹਿਣੀ ਵਿਚ ਪਰਪੱਕ ਹੋ ਗਏ ਅਤੇ ਤੁਸੀਂ ਕਰ ਆਏ; ਉਹ ਹੀ ਮੇਰੇ ਲਈ ਮੇਰੇ ਵਿਆਹ ਦੀ ਸਾਲਗਿਰਾਹ ਦਾ ਤੋਹਫ਼ਾ ਹੋਵੇਗਾ। ਅਕਾਲ ਪੁਰਖ ਕਰੇ ਕੈਂਪ ਵਿਚ ਜਿੰਨੇ ਵੀ ਬੱਚੇ ਆਏ ਹੋਏ ਹਨ ਉਹ ਸਾਰੇ ਹੀ ਗੁਰੂ ਨਾਨਕ ਸਾਹਿਬ ਦੇ "ਗੁਰਮੁਖ" ਬਣ ਜਾਣ ਤਾਂ ਕਿ ਇਸ ਵਾਰ ਦਾ ਤੋਹਫ਼ਾ ਮੇਰਾ ਸ਼ਾਨਦਾਰ ਹੋ ਜਾਵੇ। ਇਸੇ ਅਰਦਾਸ ਨਾਲ ਤਿੰਨ ਜੂਨ ਦੀ ਵਧਾਈ ਤੇ ਨਾਲ ਹੀ ਸਾਨੂੰ ਹਮੇਸ਼ਾ ਤਿੰਨ ਜੂਨ ਚੁਰਾਸੀ ਦੇ ਸ਼ਹੀਦਾਂ ਦੀ ਵੀ ਯਾਦ ਰਹੇ ਤੇ ਸਾਡਾ ਮਕਸਦ ਵੀ........ਤੁਹਾਡੀ ਕਮਲ"
"......................."
ਜਵਾਬ ਵਿਚ ਬੋਲ ਮੁੱਕ ਗਏ!
ਅਤਿੰਦਰ ਪਾਲ ਸਿੰਘ
3 ਜੂਨ 2017 ਸੁਬ੍ਹਾ 3.435 1 | view user : 404
Posted by on  | under General

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by