BOOKS CATEGORIESਡਿਜ਼ਿਟਲ “ਸਿੱਖ ਆਰਕਾਈਜ਼” ਅਤੇ "ਸਿੱਖ ਰੈਫਰੈਂਸ ਲਾਇਬਰੇਰੀ" ਬਾਰੇ ਜਾਣ ਪਹਿਚਾਣ
Share this Book
1

ਡਿਜ਼ਿਟਲ "ਸਿੱਖ ਆਰਕਾਈਜ਼” ਅਤੇ "ਸਿੱਖ ਰੈਫਰੈਂਸ ਲਾਇਬਰੇਰੀ"


ਜੂਨ 1984 ਤੋਂ ਬਾਅਦ ਜਦੋਂ ਭਾਰਤ ਸਰਕਾਰ ਵਲੋਂ ਸਿੱਖ ਰੈਫਰੈਂਸ ਲਾਇਬਰੇਰੀ ਅੱਗ ਲਾ ਕੇ ਸਾੜ ਦਿੱਤੀ ਗਈ ਅਤੇ ਸਾੜਨ ਤੋਂ ਪਹਿਲਾਂ ਉਸ ਵਿਚਲਾ ਗੌਰਵਮਈ ਵਿਰਾਸਤੀ ਗ੍ਰੰਥ ਲੁੱਟ ਕੇ ਦਿੱਲੀ ਨੂੰ ਲੈ ਗਿਆ ਤਾਂ ਮੇਰੇ ਵਿਚਾਰ ਵਿੱਚ ਓਦੋਂ ਤੋਂ ਹੀ ਇਹ ਆਇਆ ਹੋਇਆ ਸੀ ਕਿ ਇਕ ਅਜਿਹੀ ਸਿੱਖ ਰੈਫਰੈਂਸ ਲਾਇਬਰੇਰੀ ਤਿਆਰ ਕਰਨੀ ਹੈ ਜਿਹੜੀ ਕਦੇ ਵੀ ਦੁਸ਼ਮਣਾਂ ਵੱਲੋਂ ਮੁਕਾਈ ਨਾ ਜਾ ਸਕੇ।ਦਾਸ ਨੂੰ ਰੱਬੀ ਬਖਸ਼ਿਸ਼ ਨਾਲ ਤਿਹਾੜ ਜੇਲ੍ਹ ਦੇ ਫ਼ਾਂਸੀ ਦੇ ਤਖ਼ਤੇ ਤੋਂ ਮਿਲੀ ਜਿੰਦਗੀ ਨੇ ਇਹ ਮੌਕਾ ਦਿੱਤਾ ਤੇ ਮੈਂ ਆਪਣੀ ਕ੍ਰਿਤ ਕਮਾਈ ਵਿੱਚੋਂ ਪੰਥ ਲਈ ਮੁੜ ਕਦੇ ਨਾ ਮੁੱਕਣ ਵਾਲੀ "ਸਿੱਖ ਰੈਫਰੈਂਸ ਲਾਇਬਰੇਰੀ" ਨੂੰ ਜੀਵਤ ਕਰਨ ਦਾ ਆਪਣਾ ਸੰਕਲਪ ਮੂਰਤੀਮਾਨ ਕਰਨ ਲਈ ਆਪਣੇ ਪਰਿਵਾਰ ਪਤਨੀ ਕਮਲਜੀਤ ਕੌਰ ਅਤੇ ਬੇਟੀਆਂ ਗੁਰਾਂਜਲ ਕੌਰ ਅਤੇ ਰਾਕਿੰਦ ਕੌਰ ਨਾਲ ਸਮੇਤ ਸੇਵਾ ਵਿੱਚ ਲੱਗ ਗਿਆ।"ਜਪੁ-ਘਰ” ਸਿੱਖ ਆਰਕਾਈਜ਼ ਅਤੇ ਖੋਜ ਕੇਂਦਰ ਦੀ ਸਥਾਪਨਾ ਕਰਨਾ ਸਿੱਖ ਰੈਫਰੈਂਸ ਲਾਇਬਰੇਰੀ ਨੂੰ ਹੀ ਜਿਉਂਦਾ ਕਰਨ ਦਾ ਉਪਰਾਲਾ ਹੈ। ਇਸ ਵਿੱਚ ਹਰ ਪੱਖ ਤੋਂ ਸਿੱਖ ਧਰਮ ਸਬੰਧੀ ਖੋਜ, ਸੋਧ, ਲਿਖਤ ਅਤੇ ਸਿੱਖ ਪੁਰਾਤੱਤਵ ਦੀ ਵਿਰਾਸਤ ਨੂੰ ਡਿਜਿਟਲੀ, ਵੀਡੀਓ, ਮਾਈਕਰੋ ਫਿਲਮਾਂਕਣ ਦੀ ਆਧੁਨਿਕ ਤਕਨੀਕ ਰਾਹੀਂ ਹੂ-ਬ-ਹੂ ਅਸਲ ਵਾਂਗ ਹੀ ਸੰਭਾਲਣ ਦਾ ਕੰਮ ਚਲ ਰਿਹਾ ਹੈ। ਇਸ ਦਾ ਮੁੱਖ ਉਦੇਸ਼ ਅਤੇ ਸੰਕਲਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮਿਲਦੀਆਂ "ਗੁਰਮਤਿ” ਪਰਿਭਾਸ਼ਾਵਾਂ, ਗੁਰਬਾਣੀ-ਅਰਥਾਂ ਅਤੇ ਸਿੱਖਿਆਵਾਂ ਨੂੰ, ਜਿਵੇਂ ਗੁਰੂ ਸਾਹਿਬ ਕਹਿ ਰਹੇ ਹਨ  ਹੂ-ਬ-ਹੂ ਉਵੇਂ ਹੀ ਲੋਕਾਂ ਤਕ ਪਹੁੰਚਾਉਣਾ ਹੈ। ਇੰਝ ਦਾ ਕੰਮ ਅਰੰਭਣ ਵਾਲਾ ਇਹ ਪਹਿਲਾ ਕੇਂਦਰ ਹੈ। ਹਥਲੀ ਪੁਸਤਕ ਦੀ ਸ਼ੋਧ, ਖੋਜ ਅਤੇ ਤਿਆਰੀ ਇਸੇ ਕੇਂਦਰ ਵਲੋਂ ਹੀ ਸੰਭਵ ਹੋਈ ਹੈ। "ਜਪੁ-ਘਰ ਸਿੱਖ ਆਰਕਾਈਜ਼ ਅਤੇ ਖੋਜ ਕੇਂਦਰ" ਵਿੱਚ ਇਕ ਦਰਜਨ ਹੋਰ ਪੁਸਤਕਾਂ ਲਈ ਕੰਮ ਚਲ ਰਿਹਾ ਹੈ। ਕੇਂਦਰ ਵਲੋਂ "ਦਰਦ ਏ-ਕੌਮ ਜੂਨ 84" ਤੋਂ ਬਾਅਦ ਕੌਮੀ ਭਵਿੱਖ ਦੀ ਦਸ਼ਾ ਅਤੇ ਦਿਸ਼ਾ ਦੀ ਲੋੜ ਦੀ ਪੂਰਤੀ ਲਈ ਦੋ ਹੋਰ ਵੀਡੀਓ ਫਿਲਮਾਂ ਲਈ ਕੰਮ ਚਲ ਰਿਹਾ ਹੈ।
ਕੇਂਦਰ ਨੇ ਹੁਣ ਤਕ ਗੁਰੂ ਸਾਹਿਬਾਨਾਂ ਦੇ ਨਿਸ਼ਾਨਾਂ ਸਮੇਤ 38 ਤੋਂ ਵੱਧ ਪੁਰਾਤਨ ਹੱਥ ਲਿਖਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਜਿਨ੍ਹਾਂ ਵਿੱਚੋਂ ਇਕ ਉਹ ਸਰੂਪ ਵੀ ਹੈ ਜਿਹੜੇ ਗੁਰੂ ਮਾਹਾਰਾਜ ਦੀ ਹਜ਼ੂਰੀ ਵਿੱਚ ਦਮਦਮਾ ਸਾਹਿਬ ਵਿਖੇ ਹੀ ਲਿਖੇ ਗਏ;  16 ਬਚਿੱਤਰ ਨਾਟਕ ਜਾਂ ਕਥਿਤ ਦਸਮ ਗ੍ਰੰਥ, ਦਰਜਨਾਂ ਗੁਰੂ ਸਾਹਿਬਾਨਾਂ ਦੇ ਹੁਕਮਨਾਮੇ, ਰੁੱਕੇ, ਆਦੇਸ਼, ਹੋਰ ਨਿਸ਼ਾਨ, ਕਈ ਪੁਰਾਤਨ ਅਤੇ ਗੁਰੂ ਕਾਲੀਨ ਨਿਤਨੇਮ ਦੀਆਂ, ਇਤਿਹਾਸਕ ਵਾਰਤਾਵਾਂ ਦੀਆਂ ਪੋਥੀਆਂ, ਸੈਂਕੜੇ ਗੁਰੂ ਵਸਤਰ, ਸ਼ਸਤਰ, ਅਸਤਰ, ਨਿਸ਼ਾਨੀਆਂ ਅਤੇ ਪੁਰਾਤਨ ਫੋਟੋਆਂ ਨੂੰ ਡਿਜ਼ਿਟਲੀ ਅਤੇ ਮਾਈਕਰੋ ਫਿਲਮਾਂ ਵਿੱਚ ਵੀ ਸੰਭਾਲਿਆ ਜਾ ਚੁੱਕਾ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕੰਧ ਚਿਤ੍ਰ, ਹੋਰ ਸਿੱਖ ਕੰਧ ਚਿਤ੍ਰ ਜੋ ਹੁਣ ਲੁਪਤ ਹੋ ਚੁੱਕੇ ਹਨ "ਜਪੁ ਘਰ ਸਿੱਖ ਆਰਕਾਈਜ਼ ਅਤੇ ਖੋਜ ਕੇਂਦਰ" ਵਿੱਚ ਸੰਭਾਲੇ ਜਾ ਚੁੱਕੇ ਹਨ। ਜੂਨ 84 ਦੀ ਅਸਲ ਗਾਥਾ, ਫੋਜ਼ ਹਮਲੇ ਦੇ ਅੱਖੀਂ ਡਿੱਠੇ ਹਾਲਾਤ ਸੰਭਾਲੇ ਜਾ ਚੁੱਕੇ ਹਨ। ਕੁਲ ਮਿਲਾ ਕੇ ਇਕ ਲੱਖ ਤੋਂ ਵੱਧ ਡਿਜ਼ਿਟਲ ਫੋਟੋਆਂ ਪ੍ਰਿੰਟਾਂ ਦੇ ਰੂਪ ਵਿੱਚ ਖ਼ਾਲਸਾ ਪੰਥ ਦਾ ਪੁਰਾਤਨ ਸਰਮਾਇਆ ਮੌਲਿਕ ਰਿਸਰਚ ਅਤੇ ਰੈਫਰੈਂਸ ਲਈ 
ਸੰਭਾਲਿਆ ਜਾ ਚੁੱਕਾ ਹੈ। ਅਕਾਲੀ ਦਲ ਦਾ 1920 ਤੋਂ ਲੈ ਕੇ ਵਰਤਮਾਨ ਤਕ ਦਾ ਸਾਰਾ ਉਪਲਬਧ ਇਤਿਹਾਸਕ ਸਰਮਾਇਆ ਇਕੱਠਾ ਕੀਤਾ ਜਾ ਚੁੱਕਾ ਹੈ।
ਇਸ ਕੇਂਦਰ ਦੀ ਸਭ ਤੋਂ ਵੱਡੀ ਉਪਲਬਧੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚਲ ਰਹੇ 'ਸਹਿਜ ਧਾਰੀ' ਕੇਸ ਵਿੱਚ ਆਪਣੇ ਪ੍ਰਮਾਣਿਕ ਸਬੂਤਾਂ ਨੂੰ ਸ਼ਾਮਲ ਕਰਵਾ ਕੇ ਅਤੇ ਕੇਸ ਵਿੱਚ ਖ਼ਾਲਸਾ ਪੰਥ ਨੂੰ ਫ਼ਤਹਿ ਕਰਵਾ ਕੇ ਹੋਈ ਹੈ। ਜਿਸ ਦਾ ਵਿਸਤਾਰਤ ਵਿਵਰਣ ਪੁਸਤਕ "ਅਕਾਲ ਅਤੇ ਸਿੱਖ ਦੋਵੇਂ ਕੇਸਾਧਾਰੀ ਹਨ" ਵਿੱਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਨਵੀਨ ਦ੍ਰਿਸ਼ਟੀ ਅਤੇ ਉਪਲਬਧ ਗੁਰੂ ਕਾਲੀਨ ਆਦੇਸ਼ਾਂ, ਪ੍ਰਮਾਣਾਂ ਅਨੁਸਾਰ ਕੇਂਦਰ ਵਲੋਂ ਪ੍ਰਮਾਣਿਕਤਾ ਨਾਲ ਸਿੱਖ ਧਰਮ, ਵਿਰਾਸਤ, ਇਤਿਹਾਸ, ਸਭਿਅਤਾ ਅਤੇ ਸਭਿਆਚਾਰ ਸਬੰਧੀ ਹਾਲੇ ਤਕ ਨਾ ਛੂਹੀ ਗਈ ਜਾਣਕਾਰੀ ਹੀ ਲਿਖਿਤ-ਬਧ ਕਰਨ ਅਤੇ ਪ੍ਰਕਾਸ਼ਤ ਕਰਨ ਦਾ ਜਤਨ ਵੀ ਲਗਾਤਾਰ ਜਾਰੀ ਹੈ। ਇਸ ਕੇਂਦਰ ਵਲੋਂ ਕਈ ਕਿਤਾਬਚੇ ਪ੍ਰਕਾਸ਼ਤ ਹੋ ਚੁੱਕੇ ਹਨ, ਜੋ ਸੰਗਤਾਂ ਉਨ੍ਹਾਂ ਦੇ ਮੁੱਲ ਅਨੁਸਾਰ ਮੰਗਵਾ ਸਕਦੀਆਂ ਹਨ।
ਬਹੁਤ ਸਾਰਾ ਖਜਾਨਾ ਪੂਰੇ ਭਾਰਤ ਵਿੱਚ ਦੂਰ ਦੁਰੇਡੇ ਥਾਵਾਂ ਤੇ ਅਤੇ ਗੁਆਂਢੀ ਮੁਲਕਾਂ ਵਿੱਚ ਬਿਖਰਿਆ ਪਿਆ ਹੈ। ਇੰਗਲੈਂਡ ਵਿੱਚ ਵੀ ਬਹੁਤ ਖਜਾਨਾ ਪਿਆ ਹੈ। ਜਿਨ੍ਹਾਂ ਦਾ ਸਾਰਾ ਵਿਸਥਾਰ ਤਾਂ ਨਹੀਂ ਪਰ ਬਹੁਤ ਸਾਰਾ ਦਾਸ ਨੂੰ ਪਤਾ ਲੱਗ ਚੁੱਕਾ ਹੈ ਤੇ ਜਿਵੇਂ ਜਿਵੇਂ ਕੰਮ ਕਰੀਦਾ ਹੈ ਹੋਰ ਪਤਾ ਲੱਗਦਾ ਜਾਂਦਾ ਹੈ। ਇਸ ਲਈ ਦਾਸ ਹੁਣ ਆਪਣੀ ਇਸ ਪਹਿਲੀ ਅਪੀਲ ਰਾਹੀਂ ਸਿੱਖ ਸੰਗਤਾਂ ਨੂੰ ਬੇਨਤੀ ਲਰਦਾ ਹੈ ਕਿ ਜਿਹੜੇ ਸੱਜਣ ਇਸ ਕੰਮ ਨੂੰ ਕਰਨਾ "ਸਿੱਖ ਕੌਮ ਦਾ ਸਰਮਾਇਆ" ਮੰਨਦੇ ਹਨ ਉਹ ਸਾਨੂੰ ਹਰ ਪੱਧਰ 'ਤੇ ਸਹਿਯੋਗ ਕਰਨ ਲਈ ਸਾਡਾ ਸਾਥ ਦੇਣ। ਸਾਨੂੰ ਪੰਥ ਦੇ ਹਰ ਇਕ ਅੰਗ ਦੇ ਸਹਿਯੋਗ ਦੀ ਹਰ ਪੱਧਰ 'ਤੇ ਜ਼ਰੂਰਤ ਹੈ। ਉਹ ਸਹਿਯੋਗ ਜਾਣਕਾਰੀ ਦਾ, ਜਿੱਥੇ ਕੰਮ ਕਰਨ ਜਾਈਏ ਸਾਡੇ ਲਈ ਰਿਹਾਇਸ਼ ਦਾ, ਸੰਦਾਂ ਅਤੇ ਤੋਰੇ ਫੇਰੇ ਲਈ ਮਾਇਕ ਸਹਾਇਤਾ ਦਾ, ਨਾਲ ਕੰਮ ਕਰਨ ਵਾਲੇ ਸਟਾਫ ਵਾਲਿਆਂ ਦੀ ਤਨਖ਼ਾਹ ਅਤੇ ਦਿਹਾੜੀ ਦਾ, ਕਿਤਾਬਾਂ ਛਪਵਾਉਣ ਦਾ, ਸੀਡੀ ਬਣਵਾਉਣ ਦਾ ਅਤੇ ਅਜਿਹੇ ਹੀ ਹੋਰ ਕੇਂਦਰ ਸਮੁੱਚੇ ਵਿਸ਼ਵ ਵਿੱਚ ਸਥਾਪਿਤ ਕਰ ਉਥੇ ਇਸ ਕੇਂਦਰ ਵਿਚਲੀ ਸਮੱਗਰੀ ਦੀਆਂ ਕਾਪੀਆਂ ਸਿੱਖ ਸੰਗਤਾਂ ਅਤੇ ਰਿਸਰਚ ਸਕਾਲਰਾਂ ਲਈ ਰੱਖਣ ਹਿਤ ਪ੍ਰਬੰਧ ਕਰਨ ਦਾ ਹੋ ਸਕਦਾ ਹੈ। ਤਨ,ਮਨ, ਧਨ ਤੋਂ ਸੰਗਤ ਆਪਣਾ ਹਰ ਤਰ੍ਹਾਂ ਦਾ ਸਹਿਯੋਗ ਕੇਂਦਰ ਨੂੰ ਦੇ ਸਕਦੀ ਹੈ ਜਿਸ ਦਾ ਸਵਾਗਤ ਹੈ।
ਛਪਵਾਈ ਲਈ ਲੋੜੀਂਦੇ ਖ਼ਰਚਿਆਂ ਦੀ ਥੁੜ੍ਹ ਕਰਕੇ ਦੋ ਤਿਆਰ ਵੀਡੀਓ, 10 ਕਿਤਾਬਾਂ ਦੇ ਖਰੜੇ ਛਪਣ ਦੀ ਉਡੀਕ ਵਿੱਚ ਤਿਆਰ ਪਏ ਹਨ । ਇਸ ਤੋਂ ਇਲਾਵਾ 45-45ਮਿੰਟ ਦੀਆਂ 4 ਸੀਡੀ ਤਿਆਰ ਕਰਵਾਉਣ ਹਿਤ ਪਟਕਥਾ ਅਤੇ ਮੁਢਲੀਆਂ ਲੋੜਾਂ ਦੀਆਂ ਫੋਟੋਆਂ ਤੇ ਹੋਰ ਮਟੀਰੀਅਲ ਤਿਆਰ ਬਰ ਤਿਆਰ ਹੈ। ਸਹਿਯੋਗ ਦੀ ਲੋੜ ਹੈ।ਕੋਈ ਵੀ ਸੱਜਣ ਜਾਂ ਸੰਸਥਾ ਆਪਣੇ ਨਾਉਂ ਦੀ ਮਸ਼ਹੂਰੀ ਦੇ ਕੇ ਵੀ ਸਾਡੇ ਪਾਸੋਂ ਇਹ ਤਿਆਰ-ਬਰ-ਤਿਆਰ ਕੰਮ ਲੋਕਾਂ ਤਕ ਪਹੁੰਚਾ ਸਕਦੀ ਹੈ ਅਤੇ ਕੇਂਦਰ ਉਨ੍ਹ੍ਹਾਂ ਨੂੰ ਸਭ ਕੁਝ ਬਣਾ ਕੇ ਦੇਣ ਲਈ ਵੀ ਸੇਵਾਵਾਂ ਦੇਣ ਹਿਤ ਤਿਆਰ ਹੈ।ਹੁਣ ਸਾਡਾ ਨਿਸ਼ਾਨਾ ਪੰਥ ਤਕ ਸਹੀ ਜਾਣਕਾਰੀ ਨੂੰ ਪਹੁੰਚਾਣਾ ਤੇ ਉਪਲਬਧ ਕਰਵਾਉਣਾ ਹੈ।
ਕੇਂਦਰ ਸਿੱਖ ਕੌਮ ਪ੍ਰਤੀ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ, ਖੋਜ, ਲਿਖਣ ਅਤੇ ਫਿਲਮਾਂ ਬਣਾਉਣ ਲਈ  ਸਭ ਨੂੰ ਦੇਣ ਦੀ ਘੋਸ਼ਣਾ ਕਰਦਾ ਹੈ।ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਪੰਥ ਤੋਂ ਆਸ ਹੈ ਕਿ ਉਹ ਇਸ ਕੇਂਦਰ ਦੀਆਂ ਮੁਹਾਰਤ ਵਾਲੀਆਂ ਸੇਵਾਵਾਂ ਤੋਂ ਲਾਭ ਲੈਣ ਵਿੱਚ ਅੱਗੇ ਆਵੇਗਾ।
ਅਤਿੰਦਰ ਪਾਲ ਸਿੰਘ, ਸਾਬਕਾ ਐਮ.ਪੀ.
ਡਾਇਰੈਕਟਰ, ਸਿੱਖ ਆਰਕਾਈਜ਼ ਅਤੇ ਖੋਜ ਕੇਂਦਰ

'ਜਪੁ-ਘਰ' ਭਾਦਸੋਂ ਰੋਡ; ਸਾਹਮਣੇ ਅੱਡਾ ਜੱਸੋਵਾਲ; ਡਾਕ. ਸਿੱਧੂਵਾਲ, ਪਟਿਆਲਾ 147001 

ਫੋਨ: +91 9888123654, 9463207415 or 9805459165 


Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by